ਫਤਹਿਗੜ੍ਹ ਸਾਹਿਬ : ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਤਹਿਗੜ੍ਹ ਸਾਹਿਬ ਵਲੋ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਰਾਲੀ ਦੀ ਸੰਭਾਲ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ[ ਇਸ ਮੌਕੇ ਤੇ ਡਾ. ਵਿਪਨ ਕੁਮਾਰ ਰਾਮਪਾਲ, ਸਹਿਯੋਗੀ ਨਿਰਦੇਸ਼ਕ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਰੇ ਦੱਸਿਆ ਅਤੇ ਪਰਾਲੀ ਪ੍ਰਬੰਧਨ ਸੰਬਧੀ ਜਾਗਰੂਕਤਾ ਮੁਹਿੰਮ ਵਿਚ ਕਾਲਜ ਦੇ ਵਿਦਿਆਰਥੀਆਂ ਦੀ ਭੂਮਿਕਾ ਤੇ ਚਾਨਣਾ ਪਾਇਆ। ਉਹਨਾ ਨੇ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਮਸ਼ੀਨਾਂ- ਸਮਾਰਟ ਸੀਡਰ, ਸੁਪਰ ਸੀਡਰ, ਹੈਪੀ ਸੀਡਰ, ਜੀਰੋ ਟਿੱਲ ਡਰਿੱਲ, ਉਲਟਾਵਾਂ ਹੱਲ, ਮਲਚਰ, ਕੱਟਰ ਅਤੇ ਰੋਟਾਵੇਟਰ ਦੀ ਵਰਤੋਂ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ।
ਡਾ. ਰੀਤ ਵਰਮਾ ਸਹਾਇਕ ਪ੍ਰੌਫੈਸਰ (ਪੌਦ ਸੁਰੱਖਿਆ) ਨੇ ਬੱਚਿਆਂ ਨੂੰ ਖੇਤੀਬਾੜੀ ਵਿਚ ਮਿੱਤਰ ਕੀੜਿਆਂ ਦੀ ਭੂਮਿਕਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਡਾ ਅਜੇ ਕੁਮਾਰ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਖਾਦਾਂ ਦੀ ਵਰਤੋਂ ਵਿੱਚ ਮਿੱਟੀ ਪਰਖ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ: ਅਮਨਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਵਿਦਿਆਰਥੀਆਂ ਨੂੰ ਹਾੜੀ ਦੀਆਂ ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣੂ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ: ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਡਾ: ਲਖਵਿੰਦਰ ਸਿੰਘ, ਡੀਨ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਨੇ ਕੇ.ਵੀ.ਕੇ ਦੀ ਟੀਮ ਦਾ ਧੰਨਵਾਦ ਕੀਤਾ।