ਸੁਨਾਮ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਜਰਨੈਲ ਸਿੰਘ, ਧਰਮਪਾਲ ਸਿੰਘ ਛਾਜਲੀ ਅਤੇ ਰੋਹੀ ਸਿੰਘ ਸ਼ੇਰੋਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਦਾ ਹਾਲ ਜਾਣਿਆ। ਪਿਛਲੇ ਕੁੱਝ ਸਮੇਂ ਤੋਂ ਢੀਂਡਸਾ ਦੀ ਸਿਹਤ ਨਾਸਾਜ਼ ਚੱਲ ਰਹੀ ਹੈ। ਬਜ਼ੁਰਗ ਅਕਾਲੀ ਆਗੂ ਦੀ ਸਿਹਤ ਦਾ ਹਾਲ ਜਾਨਣ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਨੇ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇੱਕ ਪਰਿਵਾਰ ਅਤੇ ਇੱਕ ਵਿਅਕਤੀ ਦੀ ਜ਼ਿੱਦ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿਚੋਂ ਮਨਫੀ ਹੋ ਗਿਆ ਹੈ, ਬਾਵਜੂਦ ਇਸਦੇ ਸੁਖਬੀਰ ਸਿੰਘ ਬਾਦਲ ਅਜੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਡਟਕੇ ਪਹਿਰੇਦਾਰੀ ਕਰ ਸਕੇ। ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪੰਜਾਬ ਅਤੇ ਪੰਥ ਨੂੰ ਪ੍ਰਣਾਈ ਜਥੇਬੰਦੀ ਦੇ ਤੌਰ ਤੇ ਅਹਿਮ ਭੂਮਿਕਾ ਨਿਭਾਅ ਰਹੀ ਹੈ, ਭਵਿੱਖ ਵਿੱਚ ਇਸਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਸੋਚ ਨੂੰ ਪ੍ਰਣਾਏ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਮਸਲਿਆਂ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਨੇ ਅਕਾਲੀ ਦਲ ਵਿੱਚ ਆਏ ਨਿਘਾਰ ਤੇ ਚਿੰਤਾ ਜ਼ਾਹਰ ਕੀਤੀ ਹੈ।