ਗੁਜਰਾਤ : ਗੁਜਰਾਤ ਦੇ ਇਲਾਕੇ ਅਮੇਰਲੀ ਰਾਜੁਲਾ ਨੇੜੇ ਸੋਮਵਾਰ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ। ਹਾਲਾਂਕਿ, ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਤੂਫ਼ਾਨ 24 ਘੰਟਿਆਂ ਵਿੱਚ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ । ਇਹ ਆਪਣੀ ਦਿਸ਼ਾ ਬਦਲ ਕੇ ਅੱਜ ਸ਼ਾਮ ਤੱਕ ਗੁਜਰਾਤ ਦੇ ਤੱ 'ਤੇ ਟਕਰਾ ਸਕਦਾ ਹੈ । ਇਸਦੇ ਤਕਰੀਬਨ 12 ਘੰਟਿਆਂ ਬਾਅਦ ਯਾਨੀ 18 ਮਈ ਦੀ ਸਵੇਰ ਤੱਕ ਇਹ ਚੱਕਰਵਾਤ ਪੋਰਬੰਦਰ ਅਤੇ ਮਹੂਵਾ ਦੇ ਵਿਚਕਾਰ ਤੋਂ ਗੁਜਰਾਤ ਦੇ ਤੱਟ ਨੂੰ ਪਾਰ ਕਰ ਸਕਦਾ ਹੈ। ਤੂਫਾਨ ਤੌਕਤੇ ਨੂੰ ਲੈ ਕੇ ਤੱਟੀ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ, ਤੌਕਤੇ ਤੂਫਾਨ ਕਾਰਨ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿੱਚ ਅੱਜ ਅਤੇ ਕੱਲ੍ਹ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਆਫ਼ਤ ਨਾਲ ਨਜਿੱਠਣ ਲਈ ਐਨਡੀਆਰਐਫ ਦੀਆਂ 50 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਗੁਜਰਾਤ ਦੇ ਕੱਛ ਵਿਚ ਤੂਫਾਨ ਨਾਲ ਤਬਾਹੀ ਦੀ ਆਸ਼ੰਕਾ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ ਹੈ । ਮਛੇਰਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ ।