ਬੋਲੀ ਸ਼ੁਰੂ ਹੋਣ ਤੋਂ ਬਾਅਦ ਸਮਾਪਤ ਕੀਤਾ ਘਿਰਾਓ
ਸੁਨਾਮ : ਸੁਨਾਮ ਵਿਖੇ ਝੋਨੇ ਦੀ ਖਰੀਦ ਸਰਕਾਰ ਵੱਲੋਂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨਾ ਨੇ ਆਨਾਜ ਮੰਡੀ ਵਿੱਚ ਧਰਨਾ ਦੇਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਲੇਕਿਨ ਸਰਕਾਰ ਦਾ ਕੋਈ ਨੁਮਾਇੰਦਾ ਖ਼ਰੀਦ ਕਰਨ ਲਈ ਮੰਡੀ ਵਿੱਚ ਨਾ ਆਇਆ, ਇਸ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਦੁਪਹਿਰ ਸਮੇਂ ਸੁਨਾਮ ਮਾਰਕੀਟ ਕਮੇਟੀ ਦਫ਼ਤਰ ਦਾ ਘਿਰਾਓ ਕੀਤਾ। ਕਿਸਾਨਾਂ ਨੇ ਕਰੀਬ ਇੱਕ ਘੰਟਾ ਮੁਲਾਜ਼ਮਾਂ ਦਾ ਘਿਰਾਓ ਕਰਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਭੰਡਿਆ । ਕਿਸਾਨਾਂ ਨੇ ਦਫ਼ਤਰ ਦੇ ਦੋਵੇਂ ਗੇਟਾਂ ’ਤੇ ਧਰਨਾ ਲਗਾ ਦਿੱਤਾ ਅਤੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਨਹੀਂ ਨਿਕਲਣ ਦਿੱਤਾ। ਝੋਨੇ ਦੀ ਸਰਕਾਰੀ ਬੋਲੀ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਨੇ ਦਫ਼ਤਰ ਨੂੰ ਘੇਰਾਬੰਦੀ ਤੋਂ ਮੁਕਤ ਕਰ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਅਤੇ ਰਾਮਸ਼ਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਸੁਨਾਮ ਮੰਡੀ ਵਿੱਚ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਨਾ ਕੀਤੇ ਜਾਣ ਕਾਰਨ ਕਿਸਾਨਾਂ ਨੇ ਮੰਗਲਵਾਰ ਸਵੇਰ ਤੋਂ ਹੀ ਧਰਨਾ ਦੇਣਾ ਸ਼ੁਰੂ ਕਰ ਦਿੱਤਾ’ ਪਰੰਤੂ ਦੁਪਹਿਰ ਤੱਕ ਕਿਸਾਨਾਂ ਦੀਆਂ ਮੰਗਾਂ ਵੱਲ ਕਿਸੇ ਵੀ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮਾਰਕੀਟ ਕਮੇਟੀ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਵੀ ਧਰਨਾਕਾਰੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਕਿਸਾਨਾਂ ਨੂੰ ਮਾਰਕਿਟ ਕਮੇਟੀ ਦਾ ਦਫ਼ਤਰ ਘੇਰਨ ਲਈ ਮਜਬੂਰ ਹੋਣਾ ਪਿਆ। ਕਰੀਬ ਇੱਕ ਘੰਟਾ ਘੇਰਾਬੰਦੀ ਕਰਨ ਤੋਂ ਬਾਅਦ ਅਧਿਕਾਰੀ ਬੋਲੀ ਲਗਾਉਣ ਲਈ ਪੁੱਜੇ। ਖਰੀਦ ਸ਼ੁਰੂ ਹੋਣ ਤੋਂ ਬਾਅਦ ਦਫਤਰ ਨੂੰ ਘੇਰਾਬੰਦੀ ਤੋਂ ਮੁਕਤ ਕੀਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਮੱਠੀ ਚਾਲ ਹੋਣ ਕਰਕੇ ਕਿਸਾਨਾਂ ਨੂੰ ਪੰਜ ਪੰਜ ਕਿਲੋ ਦੇ ਕੱਟ ਲਗਵਾਕੇ ਝੋਨਾ ਵੇਚਣ ਲਈ ਮਜ਼ਬੂਰ ਹੋਣਾ ਪਿਆ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਲੁੱਟ ਦਾ ਸ਼ਿਕਾਰ ਹੋਏ ਕਿਸਾਨ ਮਾਮਲਾ ਯੂਨੀਅਨ ਦੇ ਧਿਆਨ ਵਿੱਚ ਲਿਆਉਣਗੇ ਤਾਂ ਉਸ ਦੇ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਕਰਵਾਈ ਜਾਵੇਗੀ।