ਨਵੀਂ ਦਿੱਲੀ : ਦੇਸ਼ ਦੇ ਦੱਖਣ-ਪੱਛਮੀ ਰਾਜਾਂ ’ਤੇ ਚੱਕਰਵਾਤੀ ਤੂਫ਼ਾਨ ਟਾਕਟੇ ਦਾ ਖ਼ਤਰਾ ਮੰਡਰਾ ਰਿਹਾ ਹੈ। ਕੇਰਲਾ, ਕਰਨਾਟਕ, ਗੋਆ ਅਤੇ ਮਹਾਰਾਸ਼ਟਰ ਵਿਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਕੇਰਲਾ, ਕਰਨਾਟਕ ਅਤੇ ਗੋਆ ਵਿਚ ਇਹ ਪਹਿਲਾਂ ਹੀ ਤਬਾਹੀ ਮਚਾ ਚੁੱਕਾ ਹੈ ਜਿਸ ਵਿਚ ਛੇ ਜਣਿਆਂ ਦੀ ਜਾਨ ਚਲੀ ਗਈ ਹੈ। ਹੁਣ ਮਹਾਰਾਸ਼ਟਰ ਵਿਚ ਤੂਫ਼ਾਨ ਦਾ ਸੰਕਟ ਡੂੰਘਾ ਹੋ ਗਿਆ ਹੈ। ਅਗਲੇ ਕੁਝ ਘੰਟਿਆਂ ਵਿਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦਾ ਖ਼ਦਸ਼ਾ ਹੈ। ਮੁੰਬਈ ਵਿਚ ਤੇਜ਼ ਮੀਂਹ ਨੇ ਹਲਚਲ ਮਚਾ ਦਿਤੀ ਹੈ। ਕਈ ਦਰੱਖ਼ਤ ਟੁੱਟ ਗਏ, ਘਰਾਂ ਨੂੰ ਵੀ ਨੁਕਸਾਨ ਪੁੱਜਾ। ਮੁੰਬਈ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਥਾਂ-ਥਾਂ ਪਾਣੀ ਭਰ ਗਿਆ ਹੈ। ਹੁਣ ਇਹ ਤੂਫ਼ਾਨ ਗੁਜਰਾਤ ਵੱਧ ਰਿਹਾ ਹੈ ਜਿਸ ਬਾਬਤ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿਤਾ ਹੈ। ਇਹ ਤੂਫ਼ਾਨ ਅੱਜ ਸ਼ਾਮ ਤਕ ਗੁਜਰਾਤ ਵਿਚ ਦਸਤਕ ਦੇਵੇਗਾ। ਸ਼ਕਤੀਸ਼ਾਲੀ ਚੱਕਰਵਾਤੀ ਤੂਫ਼ਾਨ ਕਾਰਲ ਗੁਜਰਾਤ ਦੇ ਪਛਮੀ ਇਲਾਕਿਆਂ ਵਿਚ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿਤਾ ਗਿਆ ਹੈ। ਇਹ 18 ਮਈ ਦੀ ਸਵੇਰ ਭਾਵਨਗਰ ਜ਼ਿਲ੍ਹੇ ਵਿਚੋਂ ਲੰਘਦਾ ਹੋਇਆ ਗੁਜਰਾਤ ਤੱਟ ਨੂੰ ਪਾਰ ਕਰ ਸਕਦਾ ਹੈ।