ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਟੀਕਾਕਰਨ ਦੇ ਬਾਅਦ ਸਾਹਮਣੇ ਆਉਣ ਵਾਲੇ ਮਾੜੇ ਪ੍ਰਭਾਵਾਂ ਦੀ ਜਾਣਕਾਰੀ ਲਈ ਸਿਹਤ ਮੰਤਰਾਲੇ ਦੀ ਏਈਐਫ਼ਆਈ ਕਮੇਟੀ ਨੇ ਰੀਪੋਰਟ ਵਿਚ ਕਿਹਾ ਹੈ ਕਿ ਭਾਰਤ ਵਿਚ ਟੀਕਾਕਰਨ ਦੇ ਬਾਅਦ ਖ਼ੂਨ ਵਿਚ ਗਤਲੇ ਬਣਨ ਦੇ ਮਾਮਲੇ ਬੇਹੱਦ ਘੱਟ ਹਨ। ਭਾਰਤ ਵਿਚ ਕੋਵਿਡ-19 ਮਹਾਂਮਾਰੀ ਵਿਰੁਧ ਟੀਕਾਕਰਨ ਦੇ ਬਾਅਦ ਖ਼ੂਨ ਵਿਚ ਥੱਕੇ ਬਣਨ (ਬਲੱਡ ਕਲੌਟਿੰਗ) ਦੇ ਮਾਮਲੇ ਬੇਹੱਦ ਘੱਟ ਹਨ ਅਤੇ ਇਨ੍ਹਾਂ ਦੀ ਗਿਣਤੀ ਦੇਸ਼ ਵਿਚ ਸੰਭਾਵੀ ਅਨੁਮਾਨ ਜਿੰਨੀ ਹੀ ਹੈ। ਕਮੇਟੀ ਨੇ ਕਿਹਾ ਹੈ ਕਿ ਕੋਵੀਸ਼ੀਲਡ ਲੈਣ ਦੇ ਬਾਅਦ ਦੇਸ਼ ਵਿਚ ਹੁਣ ਤਕ ਬਲੱਡ ਕਲੌਟਿੰਗ ਦੇ 26 ਮਾਮਲੇ ਮਿਲੇ ਹਨ। ਕੋਵੈਕਸੀਨ ਸਬੰਧੀ ਕਮੇਟੀ ਨੂੰ ਅਜਿਹਾ ਇਕ ਵੀ ਮਾਮਲਾ ਨਹੀਂ ਮਿਲਿਆ। ਮੰਤਰਾਲੇ ਨੇ ਕੋਵੀਸ਼ੀਲਡ ਟੀਕਾ ਲਗਵਾਉਣ ਵਾਲਿਆਂ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕੀਤੀ ਅਤੇ ਕਿਹਾ ਕਿ 20 ਦਿਨਾਂ ਤਕ ਕੋਈ ਤਕਲੀਫ਼ ਆਉਣ ’ਤੇ ਟੀਕਾ ਕੇਂਦਰ ’ਤੇ ਤੁਰੰਤ ਜਾਓ। ਕਮੇਟੀ ਨੇ ਕਿਹਾ ਕਿ ਕੋਈ ਵੀ ਟੀਕਾ ਲਗਵਾਉਣ ਦੇ ਬਾਅਦ 20 ਦਿਨਾਂ ਵਿਚ ਸ਼ੱਕੀ ਥਰੋਬੋਮਬੋਲਿਕ ਲੱਛਣ ਦਿਸਣ ’ਤੇ ਚੌਕਸ ਰਹਿਣ ਲਈ ਸਲਾਹ ਜਾਰੀ ਕਰੇਗੀ।