ਮਨੁੱਖ ਜਿੱਥੇ ਸਮਾਜ ਵਿੱਚ ਰਹਿ ਕੇ ਆਪਣੇ ਜੀਵਨ ਦੀਆਂ ਬਹੁਤ ਸਧਰਾਂ ਪੂਰੀਆਂ ਕਰਦਾ ਹੈ, ਉਥੇ ਹੀ ਉਹ ਸਮਾਜਿਕ ਰਿਸ਼ਤਿਆਂ ਦੇ ਗੁੰਝਲਦਾਰ ਤਾਣੇ ਬਾਣੇ ਵਿੱਚ ਵੀ ਉਲਝਿਆ ਰਹਿੰਦਾ ਹੈ। ਇਸ ਤਾਣੇ ਬਾਣੇ ਵਿੱਚ ਵਿਚਰਦਿਆਂ ਉਹ ਬਹੁਤ ਕੁੱਝ ਸਿਖਦਾ ਹੈ। ਬਹੁਤ ਕੁਝ ਗਵਾਉਂਦਾ ਹੈ ਤੇ ਬਹੁਤ ਕੁੱਝ ਪਾਉਂਦਾ ਵੀ ਹੈ। ਕਈ ਰਿਸ਼ਤੇ ਬੜੇ ਕੋਮਲ, ਸਰਲ ਅਤੇ ਸਹਿਜ ਹੁੰਦੇ ਹਨ, ਪਰ ਕੁੱਝ ਰਿਸ਼ਤੇ ਤਰਾਸਦੀ ਬਣ ਕੇ ਰਹਿ ਜਾਂਦੇ ਹਨ। ਕੁੱਝ ਰਿਸ਼ਤੇ ਗਵਾਉਣ ਜਾਂ ਖੋਹ ਜਾਣ ਨਾਲ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਹੁੰਦੇ ਹਨ, ਪਰ ਰਿਸ਼ਤੇ ਕਈ ਹੋ ਕੇ ਵੀ ਮੁਰਦਾ ਹੁੰਦੇ ਹਨ।
ਅਸਲ ਵਿੱਚ ਆਪਸੀ ਵਿਸ਼ਵਾਸ, ਪਿਆਰ, ਹਮਦਰਦੀ ਅਤੇ ਆਪਣਾ ਪਣ ਹੀ ਇਨ੍ਹਾਂ ਰਿਸ਼ਤਿਆਂ ਦੀ ਖੁਰਾਕ ਹੁੰਦਾ ਹੈ। ਜਿੰਨੀ ਇਹ ਖੁਰਾਕ ਦਿੱਤੀ ਜਾਵੇ, ਉਤਨੇ ਹੀ ਵੱਧਦੇ ਫੁੱਲਦੇ ਹਨ। ਜਿਸ ਤਰ੍ਹਾਂ ਗੂੜ੍ਹੇ ਰਿਸ਼ਤਿਆਂ ਦੇ ਅਹਿਸਾਸ ਨੂੰ ਦੂਰੀਆਂ ਘੱਟ ਨਹੀਂ ਕਰ ਸਕਦੀਆਂ, ਉਸੇ ਤਰ੍ਹਾਂ ਨਕਲੀਪਣ ਵਾਲੇ ਰਿਸ਼ਤੇ ਨਜ਼ਦੀਕ ਹੁੰਦੇ ਹੋਏ ਵੀ ਅਹਿਸਾਸ ਕਰਵਾ ਨਹੀਂ ਸਕਦੇ। ਸਾਡੀ ਜ਼ਿੰਦਗੀ ਵਿਚ ਪੈਸਾ ਬੇਸ਼ੱਕ ਬਹੁਤ ਮਹੱਤਤਾ ਰੱਖਦਾ ਹੈ, ਪਰ ਸਾਰਾ ਕੁੱਝ ਪੈਸਾ ਹੀ ਬਣਾ ਲੈਣਾ ਕੋਈ ਸਿਆਣਪ ਨਹੀਂ। ਰਿਸ਼ਤੇ ਉਹ ਅਨਮੋਲ ਸਰਮਾਇਆ ਹੁੰਦੇ ਹਨ, ਜਿਹੜੇ ਕਿਸੇ ਦੌਲਤ ਨਾਲ ਨਹੀਂ ਖ਼ਰੀਦੇ ਜਾ ਸਕਦੇ। ਬਲਕਿ ਇਹ ਅਹਿਮੀਅਤ ਨਾਲ ਹੀ ਹੰਢਣਸਾਰ ਬਣਦੇ ਹਨ।
ਕੋਈ ਵੀ ਇਨਸਾਨ ਪੈਸੇ ਨਾਲ ਧਨੀ ਬਣ ਸਕਦਾ ਹੈ, ਪਰ ਅਸਲ ਅਮੀਰੀ ਸਮਾਜਿਕ ਰਿਸ਼ਤਿਆਂ ਨਾਲ ਹੈ। ਜਿੱਥੇ ਕੋਈ ਆਪਣਾਪਣ ਨਹੀਂ, ਪਿਆਰ ਦੀ ਥਾਂ ਈਰਖਾ, ਸਰੀਕਾ ਅਤੇ ਕੁੜੱਤਣ ਹੋਵੇ, ਉਥੇ ਰਿਸ਼ਤੇ ਪਣਪ ਨਹੀਂ ਸਕਦੇ। ਸਗੋਂ ਅਜਿਹੇ ਰਿਸ਼ਤੇ ਮੁਰਦਾ ਹੁੰਦੇ ਹਨ।
ਅੱਜ ਮਨੁੱਖ ਭਾਵੇਂ ਆਰਥਿਕ ਤੌਰ ਤੇ ਬਹੁਤ ਤਰੱਕੀ ਕਰ ਗਿਆ, ਪਰ ਰਿਸ਼ਤਿਆਂ ਚ ਆਇਆ ਨਕਲੀਪਣ ਅਤੇ ਦਿਖਾਵਾ ਉਸਨੂੰ ਅਸਲੀ ਜਿੰਦਗੀ ਤੋਂ ਦੂਰ ਲੈ ਗਿਆ ਹੈ। ਕਿਤੇ ਇਨ੍ਹਾਂ ਰਿਸ਼ਤਿਆਂ ਨੂੰ ਪੈਸਾ ਨਿਗਲ ਗਿਆ ਤੇ ਕਿਤੇ ਮਤਲਬ। ਬਹੁਤ ਖੁਸ਼ਨਸੀਬ ਲੋਕ ਹੁੰਦੇ ਨੇ, ਜੋ ਇਨ੍ਹਾਂ ਦਾ ਨਿੱਘ ਮਾਣ ਸਕਦੇ ਹਨ। ਆਓ ਇਨ੍ਹਾਂ ਰਿਸ਼ਤਿਆਂ ਦੀ ਸਾਂਝ ਨੂੰ ਕਾਇਮ ਰੱਖਣ ਦਾ ਯਤਨ ਕਰੀਏ।
ਅਮਨਦੀਪ ਕੌਰ
ਐਸ ਐਸ ਅਧਿਆਪਿਕਾ
ਸਰਕਾਰੀ ਹਾਈ ਸਕੂਲ ਉਪਲਹੇੜੀ