ਪਿਛਲੇ ਲੰਬੇ ਅਰਸੇ ਤੋ ਵਿਵਾਦਾਂ ਚ ਘਿਰੇ ਅਕਾਲੀ ਦਲ ਨੂੰ ਫਿਲਹਾਲ ਆਕਸੀਜਨ ਨਹੀਂ ਮਿਲ ਰਹੀ।ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਕਾਲੀ ਦਲ ਸਿਆਸੀ ਉਭਾਰ ਵੱਲ ਨੂੰ ਨਹੀਂ ਵਧ ਰਿਹਾ।ਅਕਾਲੀ ਦਲ ਦੇ ਕਰਤਾ ਧਰਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਤਨਖਾਇਆ ਕਰਾਰ ਦਿੱਤੇ ਜਾਣ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਚ ਆਪਣੇ ਆਪ ਨੂੰ ਪਾਸੇ ਰੱਖਦੇ ਹੋਏ ਉਮੀਦਵਾਰ ਖੜੇ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ।ਜਿਸ ਦਾ ਸਭ ਤੋ ਵਧ ਫਾਇਦਾ ਸੱਤਾਧਾਰੀ ਪਾਰਟੀ ਨੂੰ ਮਿਲਿਆ ਲੱਗਦਾ ਹੈ।ਕਿਉਂਕਿ ਅਗਰ ਅਕਾਲੀ ਦਲ ਇੰਨਾ ਚੋਣਾਂ ਚ ਆਪਣੇ ਉਮੀਦਵਾਰ ਖੜੇ ਕਰਦਾ ਤਾ ਸਿਆਸੀ ਸਮੀਕਰਨ ਵੱਖਰੇ ਹੋਣੇ ਤਹਿ ਸਨ।ਜਿਸ ਦੀ ਵਜ੍ਹਾ ਇਹ ਸਮਝੀ ਜਾਂਦੀ ਹੈ ਕੇ ਅਕਾਲੀ ਦਲ ਦਾ ਅੱਜ ਵੀ ਆਪਣਾ ਪੱਕਾ ਵੋਟ ਬੈਂਕ ਹੈ।ਬੇਸ਼ੱਕ ਉਹ ਘਟਿਆ ਜਰੂਰ ਹੈ।ਪਰ ਫਿਰ ਵੀ ਹੈ ਜਰੂਰ।ਖ਼ਾਸ ਕਰਕੇ ਦਿਹਾਤੀ ਇਲਾਕਿਆਂ ਚ।ਭਾਂਵੇ ਕੇ ਅਕਾਲੀ ਦਲ ਦਾ ਜੋ ਵੋਟ ਬੈਂਕ 2017 ਦੀਆਂ ਵਿਧਾਨ ਸਭਾ ਚੋਣਾਂ ਚ ਘਟ ਕੇ 18.38 ਫੀਸਦ ਤਾ ਆ ਗਿਆ ਸੀ।ਉਸ ਨੂੰ 2022 ਚ ਹੋਰ ਖੋਰਾ ਲੱਗਾ ਤੇ ਉਹ ਪਿਛਲੀਆਂ ਚੋਣਾਂ ਨਾਲੋਂ 6.8 ਫੀਸਦ ਹੋਰ ਘਟ ਗਿਆ।ਇਸ ਦੇ ਬਾਵਜੂਦ ਅਕਾਲੀ ਦਲ ਦਾ ਅੱਜ ਵੀ ਪੂਰੇ ਪੰਜਾਬ ਚ ਪੱਕਾ ਕਾਡਰ ਹੈ।ਇਸੇ ਕਰਕੇ ਥੋੜ੍ਹੀ ਬਹੁਤੀ ਸਿਆਸੀ ਸੂਝ ਬੂਝ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਗੱਲ ਸਮਝਦਾ ਹੈ ਕੇ ਅਗਰ ਅਕਾਲੀ ਦਲ ਇਹ ਇਲੈਕਸ਼ਨ ਲੜਦਾ ਤਾਂ ਘੱਟੋ ਘਟ ਉਹ ਆਪਣੀ ਪੱਕੀ ਵੋਟ ਹਾਸਲ ਕਰਨ ਚ ਜਰੂਰ ਕਾਮਯਾਬ ਹੁੰਦਾ। ਬੇਸ਼ੱਕ ਉਸਦਾ ਕੋਈ ਉਮੀਦਵਾਰ ਜਿੱਤਦਾ ਜਾਂ ਨਾ ਜਿੱਤਦਾ। ਪਰ ਏਨਾ ਜਰੂਰ ਹੈ ਕੇ ਉਹ ਸਮੀਕਰਨ ਤਬਦੀਲ ਕਰਨ ਦੀ ਤਾਕਤ ਰੱਖਦਾ ਸੀ।ਕਿਉਂਕਿ ਜੇ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਵੋਟ ਫੀਸਦ ਵਿਖੀ ਜਾਵੇ ਤਾ ਅਕਾਲੀ ਦਲ ਨੂੰ ਡੇਰਾ ਬਾਬਾ ਨਾਨਕ ਹਲਕੇ ਚ 30.08 ਫੀਸਦ ਵੋਟ ਮਿਲੇ ਸਨ।ਭਾਂਵੇ ਕੇ ਉਦੋ ਉਸਦਾ ਬੀਐਸਪੀ ਨਾਲ ਗਠਜੋੜ ਸੀ।ਪਰ ਇਸ ਵਾਰ ਅਕਾਲੀ ਦਲ ਨੇ ਉਥੋਂ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ।ਸਗੋਂ ਅਕਾਲੀ ਦਲ ਵੱਲੋਂ ਵੋਟਾਂ ਪੈਣ ਤੋਂ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਮੱਦਤ ਦਾ ਐਲਾਨ ਕਰ ਦਿੱਤਾ ਗਿਆ। ਜਿਸ ਸਦਕਾ ਸਿਆਸੀ ਸਮੀਕਰਨਾ ਚ ਬਦਲਾਅ ਆਉਣਾ ਸੁਭਾਵਕ ਸੀ।ਇਸ ਤਰਾ ਅਗਰ ਡੇਰਾ ਬਾਬਾ ਨਾਨਕ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਚੋਣ ਲੜਦਾ ਤਾ ਨਤੀਜਾ ਹੋਰ ਹੋਣਾ ਸੀ।ਇਸੇ ਤਰਾ ਜੇ ਗਿੱਦੜਬਾਹਾ ਹਲਕੇ ਦੀ ਗੱਲ ਕਰੀਏ ਤਾ 2022 ਚ ਉਥੋਂ ਅਕਾਲੀ ਉਮੀਦਵਾਰ ਨੂੰ 36.08 ਫੀਸਦ ਵੋਟ ਮਿਲੇ ਸਨ।ਪਰ ਇਸ ਵਾਰ ਉਥੋਂ ਵੀ ਅਕਾਲੀ ਦਲ ਦਾ ਕੋਈ ਉਮੀਦਵਾਰ ਚੋਣ ਨਹੀਂ ਲੜਿਆ।ਜਦ ਕੇ ਆਮ ਆਦਮੀ ਪਾਰਟੀ ਦਾ ਇਸ ਵਾਰ ਦਾ ਜੇਤੂ ਉਮੀਦਵਾਰ ਡਿੰਪੀ ਢਿੱਲੋਂ ਉਦੋ ਮਤਲਬ 2022 ਚ ਅਕਾਲੀ ਦਲ ਦਾ ਉਮੀਦਵਾਰ ਸੀ।ਇਸ ਤਰਾ ਅਗਰ ਅਕਾਲੀ ਦਲ ਗਿੱਦੜਬਾਹਾ ਤੋ ਚੋਣ ਲੜਦਾ ਤਾ ਚੋਣ ਨੀਤਜਾ ਇਹ ਨਾ ਹੁੰਦਾ। ਜੇ ਅੱਗੇ ਗੱਲ ਕਰੀਏ ਬਰਨਾਲਾ ਹਲਕੇ ਦੀ ਤਾ ਉਥੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦੇ ਉਮੀਦਵਾਰ ਨੂੰ 20.66ਫੀਸਦ ਵੋਟ ਮਿਲੇ ਸਨ। ਉਥੇ ਵੀ ਅਕਾਲੀ ਉਮੀਦਵਾਰ ਨਾ ਖਲੋਣ ਕਰਕੇ ਵੋਟ ਦੂਜੇ ਪਾਸੇ ਭੁਗਤੀ। ਜੇ ਗੱਲ ਕਰੀਏ ਚੱਬੇਵਾਲ ਹਲਕੇ ਦੀ ਤਾ ਉਥੇ ਵੀ ਅਕਾਲੀ ਉਮੀਦਵਾਰ ਨੇ ਆਪਣਾ ਉਮੀਦਵਾਰ ਨਾ ਖੜਾ ਕਰਨ ਦਾ ਲਾਭ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ।ਇਸ ਤਰਾ ਜੇ ਨਿਚੋੜ ਕੱਢਿਆ ਜਾਵੇ ਤਾ ਅਕਾਲੀ ਦਲ ਵੱਲੋਂ ਉਮੀਦਵਾਰ ਨਾ ਖੜੇ ਕਰਨ ਦਾ ਲਾਭ ਸੱਤਾਧਾਰੀ ਪਾਰਟੀ ਨੂੰ ਮਿਲਿਆ ਲੱਗਦਾ ਹੈ।ਅਕਾਲੀ ਦਲ ਵੱਲੋਂ ਇਹ ਜ਼ਿਮਨੀ ਚੋਣ ਨਾ ਲੜੇ ਜਾਣ ਕਰਕੇ ਮੁਕਾਬਲਾ ਤਿਕੋਣਾ ਰਿਹਾ ਹੈ।ਸਿਆਸੀ ਮਾਹਰਾਂ ਦਾ ਮੰਨਣਾ ਹੈ ਕੇ ਜੇ ਅਕਾਲੀ ਦਲ ਜਿਮਨੀ ਚੋਣ ਲੜਦਾ ਤਾ ਡੇਰਾ ਬਾਬਾ ਨਾਨਕ, ਗਿੱਦੜਬਾਹਾ ਬਰਨਾਲਾ ਤੇ ਚੱਬੇਵਾਲ ਦੇ ਚੋਣ ਨਤੀਜੇ ਇਹ ਨਾ ਹੁੰਦੇ।ਫੇਰ ਵੋਟ ਫੀਸਦ ਚ ਫਰਕ ਆਉਂਦਾ ਤੇ ਚੋਣ ਨਤੀਜੇ ਵੀ ਵੱਖਰੇ ਹੁੰਦੇ। ਸਿਆਸੀ ਸੂਝ ਰੱਖਣ ਵਾਲੇ ਲੋਕਾਂ ਦਾ ਇਹ ਵੀ ਕਹਿਣਾ ਹੈ ਕੇ ਇਨਾਂ ਜਿਮਨੀ ਚੋਣਾਂ ਚ ਅਕਾਲੀ ਦਲ ਦੇ ਚੋਣ ਨਾ ਲੜਨ ਦਾ ਸਭ ਤੋ ਵਧ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ। ਪਰ ਇੰਨਾ ਜਿਮਨੀ ਚੋਣਾਂ ਦੇ ਚੋਣ ਨਤੀਜਿਆਂ ਤੋ 2027 ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ।ਕਿਉਂਕਿ ਉਸ ਵਕਤ ਸਿਆਸੀ ਸਮੀਕਰਨ ਕੀ ਹੋਣਗੇ?ਇਹ ਵੇਖਣ ਵਾਲੀ ਗੱਲ ਹੋਵੇਗੀ ।
ਅਜੀਤ ਖੰਨਾ
ਮੋਬਾਈਲ:76967-54669