ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾਕਰਨ ਨੂੰ ਕੋਵਿਡ-19 ਵਿਰੁਧ ਲੜਾਈ ਵਿਚ ਮਜ਼ਬੂਤ ਮਾਧਿਅਮ ਦਸਿਆ ਅਤੇ ਕਿਹਾ ਕਿ ਵੱਡੇ ਪੱਧਰ ’ਤੇ ਇਸ ਦੀ ਸਪਲਾਈ ਯਕੀਨੀ ਕਰਨ ਲਈ ਸਰਕਾਰ ਦੇ ਯਤਨ ਲਗਾਤਾਰ ਜਾਰੀ ਹਨ। ਰਾਜਾਂ ਅਤੇ ਜ਼ਿਲਿ੍ਹਆਂ ਦੇ ਅਧਿਕਾਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਵਿਚ ਪੇਂਡੂ ਅਤੇ ਦੁਰੇਡੇ ਖੇਤਰਾਂ ਵਲ ਬਹੁਤ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦ ਜ਼ਿਲ੍ਹਾ ਕੋਰੋਨਾ ਨੂੰ ਹਰਾਏਗਾ ਤਦ ਦੇਸ਼ ਕੋਰੋਨਾ ਨਾਲ ਜੰਗ ਜਿੱਤ ਜਾਵੇਗਾ। ਉਨ੍ਹਾਂ ਕਿਹਾ, ‘ਕੋਵਿਡ ਟੀਕਾਕਰਨ ਸਬੰਧੀ ਹਰ ਭਰਮ ਨੂੰ ਅਸੀਂ ਮਿਲ ਕੇ ਦੂਰ ਕਰਨਾ ਹੈ। ਕੋਰੋਨਾ ਦੇ ਟੀਕੇ ਦੀ ਸਪਲਾਈ ਨੂੰ ਬਹੁਤ ਵੱਡੇ ਪੱਧਰ ’ਤੇ ਵਧਾਉਣ ਦੇ ਯਤਨ ਲਗਾਤਾਰ ਜਾਰੀ ਹਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐਮ ਕੇਅਰਜ਼ ਫ਼ੰਡ ਨਾਲ ਦੇਸ਼ ਦੇ ਹਰ ਜ਼ਿਲ੍ਹੇ ਦੇ ਹਪਸਤਾਲਾਂ ਵਿਚ ਆਕਸੀਜਨ ਯੰਤਰ ਲਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਕਈ ਹਸਪਤਾਲਾਂ ਵਿਚ ਕੰਮ ਸ਼ੁਰੂ ਵੀ ਕਰ ਦਿਤਾ ਗਿਆ ਹੈ।