ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੰਗਾਪੁਰ ਵਿਚ ਮਿਲੇ ਕੋਰੋਨਾ ਵਾਇਰਸ ਦੀ ਨਵੀਂ ਕਿਸਮ ਬਾਰੇ ਸਰਕਾਰ ਨੂੰ ਚੌਕਸ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਿੰਗਾਪੁਰ ਦਾ ਇਹ ਨਵਾਂ ਵਾਇਰਸ ਭਾਰਤ ਵਿਚ ਮਹਾਂਮਾਰੀ ਦੀ ਤੀਜੀ ਲਹਿਰ ਲਿਆਉਣ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ, ‘ਸਿੰਗਾਪੁਰ ਤੋਂ ਆਇਆ ਕੋਰੋਨਾ ਦਾ ਨਵਾਂ ਰੂਪ ਬੱਚਿਆਂ ਲਈ ਬੇਹੱਦ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਭਾਰਤ ਵਿਚ ਇਹ ਤੀਜੀ ਲਹਿਰ ਦੇ ਰੂਪ ਵਿਚ ਆ ਸਕਦਾ ਹੈ।’ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੰਗਾਪੁਰ ਨਾਲ ਹਵਾਈ ਸੇਵਾਵਾਂ ਤੁਰੰਤ ਰੋਕੀਆਂ ਜਾਣ ਅਤੇ ਬੱਚਿਆਂ ਲਈ ਵੀ ਵੈਕਸੀਨ ਦੇ ਬਦਲਾਂ ’ਤੇ ਤਰਜੀਹ ਦੇ ਆਧਾਰ ’ਤੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੰਗਾਪੁਰ ਤੋਂ ਭਾਰਤ ਆਉਣ ਵਾਲੀਆਂ ਉਡਾਣਾਂ ਤੁਰੰਤ ਬੰਦ ਕੀਤੀਆਂ ਜਾਣ।