ਖਨੌਰੀ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅੱਜ ਡਾਕਟਰਾਂ ਨੇ ਉਹਨਾ ਦੀ ਦਿਲ ਦੀ ਧੜਕਨ, ਬਲੱਡ ਪ੍ਰੈਸ਼ਰ, ਪਲਸ ਆਦਿ ਦੀ ਲਗਾਤਾਰ ਨਿਗਰਾਨੀ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸੇ ਵੇਲੇ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਅੱਜ ਫਰੀਦਕੋਟ ਦੇ ਐਮ.ਪੀ ਸਰਬਜੀਤ ਸਿੰਘ ਖਾਲਸਾ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਖਨੌਰੀ ਮੋਰਚੇ ਵਿੱਚ ਪਹੁੰਚੇ। ਕਿਸਾਨ ਆਗੂਆਂ ਨੇ ਸਾਰੇ ਦੇਸ਼ ਨੂੰ ਬੇਨਤੀ ਕੀਤੀ ਕਿ ਉਹ ਕਿਸਾਨੀ ਮੋਰਚੇ ਦੀ ਮਜ਼ਬੂਤੀ, ਜਗਜੀਤ ਸਿੰਘ ਡੱਲੇਵਾਲ ਜੀ ਦੀ ਤੰਦਰੁਸਤੀ ਅਤੇ ਜ਼ਖਮੀ ਕਿਸਾਨਾਂ ਦੀ ਤੰਦਰੁਸਤੀ ਲਈ ਕੱਲ੍ਹ ਸਾਰੇ ਧਾਰਮਿਕ ਸਥਾਨਾਂ ਵਿੱਚ ਅਰਦਾਸ ਬੇਨਤੀ ਕਰਨ। ਕਿਸਾਨ ਆਗੂਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ 12 ਦਸੰਬਰ ਨੂੰ ਸ਼ਾਮ ਦਾ ਖਾਣਾ ਨਾਂ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ #WeSupportJagjeetSinghDallewal ਦੇ ਹੈਸ਼ਟੈਗ ਨਾਲ ਆਪਣੇ ਪਰਿਵਾਰ ਨਾਲ ਫੋਟੋ ਸਾਂਝੀ ਕਰਨ ਅਤੇ ਭਲਕੇ ਪ੍ਰੈੱਸ ਕਾਨਫਰੰਸ ਕਰਕੇ ਅਗਲੇ ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਅੱਜ ਸਮੁੱਚਾ ਦਿਨ ਖਨੌਰੀ ਬਾਰਡਰ ਉੱਤੇ ਕਿਸੇ ਵੀ ਕਿਸਾਨ ਨੇ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਰੋਟੀ ਨਹੀਂ ਖਾਦੀ ਅਤੇ ਨਾ ਹੀ ਕਿਸੇ ਨੇ ਚੁੱਲਾ ਬਾਲਿਆ। ਇਸ ਮੌਕੇ ਉਹਨਾਂ ਦੇ ਨਾਲ ਅਭਿਮਾਨੁ ਕੁਹਾੜ, ਲਖਵਿੰਦਰ ਸਿੰਘ ਔਲਖ, ਕਾਕਾ ਸਿੰਘ ਕੋਟੜਾ, ਗੁਰਦੀਪ ਸਿੰਘ, ਦਲਜੀਤ ਸਿੰਘ ਵਿਰਕ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਗਰਾਜ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਢਾ, ਜਸਵਿੰਦਰ ਸਿੰਘ ਲੌਂਗੋਵਾਲ ਸਮੇਤ ਹੋਰ ਵੀ ਕਿਸਾਨ ਆਗੂ ਮੌਜੂਦ ਸਨ।