ਪਾਇਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਇਕਾਈ ਭੀਖੀ ਖੱਟੜਾ ਦੀ ਚੋਣ ਬਲਾਕ ਆਗੂ ਕਿਰਨਜੀਤ ਸਿੰਘ ਪੰਧੇਰ ਖੇੜੀ ਅਤੇ ਮਨਪ੍ਰੀਤ ਸਿੰਘ ਜੀਰਖ ਦੀ ਦੇਖ ਰੇਖ ਹੇਠ ਪਿੰਡ ਦੇ ਗੁਰੂ ਘਰ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਮਲਾਗਰ ਸਿੰਘ ਪ੍ਰਧਾਨ ਚੁਣੇ ਗਏ। ਇਸ ਮੌਕੇ ਗੁਰੂ ਘਰ ਵਿੱਚ ਇਕੱਤਰ ਹੋਏ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ ਤੇ ਬਲਵੰਤ ਸਿੰਘ ਘੁਡਾਣੀ ਨੇ ਯੂਨੀਅਨ ਦੇ ਉਦੇਸ਼ ਮੰਗ ਪੱਤਰ ਅਤੇ ਵਿਧਾਨ ਤੋਂ ਜਾਣੂ ਕਰਵਾਇਆ। ਉਨ੍ਹਾਂ ਯੂਨੀਅਨ ਵਲ਼ੋਂ ਪਿਛਲੇ ਸਮੇਂ ਵਿੱਚ ਲੜੇ ਅਤੇ ਜੇਤੂ ਰਹੇ ਕਿਸਾਨ ਘੋਲਾਂ ਦਾ ਵਰਨਨ ਕਰਦਿਆਂ ਅੱਗੇ ਤੋ ਹੋਰ ਮਜ਼ਬੂਤ ਅਤੇ ਮਿਹਨਤਕਸ਼ ਲੋਕਾਂ ਦੇ ਸਾਂਝੇ ਘੋਲ ਲੜਨ ਦੀ ਅਣਸਰਦੀ ਲੋੜ ਤੇ ਜ਼ੋਰ ਦਿੱਤਾ। ਆਗੂਆਂ ਨੇ ਸਾਮਰਾਜੀਆਂ ਦੀ ਅਗਵਾਈ ਵਾਲੀਆਂ ਸੰਸਥਾਵਾਂ ਜਿਵੇਂ ਸੰਸਾਰ ਬੈਂਕ, ਸੰਸਾਰ ਵਪਾਰ ਸੰਸਥਾ ਆਈ ਐੱਮ ਐੱਫ਼ ਵਰਗੀਆਂ ਦੇ ਖੇਤੀ ਸੈਕਟਰ ਦੁਆਲੇ ਬੁਣੇ ਮੱਕੜ-ਜਾਲ ਬਾਰੇ ਵੀ ਸਪਸ਼ਟ ਕੀਤਾ। ਇਸ ਚੋਣ ਵਿੱਚ ਕਿਰਨਦੀਪ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਖ਼ਜ਼ਾਨਚੀ, ਪਲਵਿੰਦਰ ਸਿੰਘ ਸਕੱਤਰ ਅਤੇ ਗੁਰਜੋਤ ਸਿੰਘ ਸਹਾਇਕ ਸਕੱਤਰ ਚੁਣੇ ਗਏ। ਪਿੰਡ ਵਾਸੀਆਂ ਨੇ ਅਹੁਦੇਦਾਰਾਂ ਦੇ ਨਾਲ-ਨਾਲ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ। ਇਸ ਮੌਕੇ ਚੁਣੇ ਗਏ ਮੈਂਬਰਾਂ ਨੇ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਜ਼ੋਰਦਾਰ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ।