ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ਤਾਉਤੇ ਦਾ ਅਸਰ ਉਤਰ ਭਾਰਤ ਦੇ ਮੌਸਮ ’ਤੇ ਦਿਸਣ ਲੱਗਾ ਹੈ। ਦਿੱਲੀ, ਹਰਿਆਣਾ, ਯੂਪੀ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਵਿਚ 20 ਮਈ ਨੂੰ ਮੀਂਹ ਪੈਣ ਅਤੇ ਮੌਸਮ ਬਦਲਣ ਦੀ ਭਵਿੱਖਬਾਣੀ ਕੀਤੀ ਹੈ। ਪਛਮੀ ਹਵਾਵਾਂ ਦੇ ਸੰਪਰਕ ਵਿਚ ਆਉਣ ਕਾਰਨ ਉਤਰਾਖੰਡ ਵਿਚ ਮੀਂਹ ਪੈਣ ਦਾ ਅਨੁਮਾਨ ਹੈ। ਹਿਮਾਚਲ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਪਛਮੀ ਰਾਜਸਥਾਨ ਵਿਚ ਅਗਲੇ 24 ਘੰਟਿਆਂ ਵਿਚ ਬੇਹੱਦ ਭਾਰੀ ਮੀਂਹ ਪੈ ਸਕਦਾ ਹੈ। 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦਾ ਵੀ ਅਨੁਮਾਨ ਹੈ। ਕਈ ਥਾਈਂ ਮੰਡੀਆਂ ਵਿਚ ਕਣਕ ਭਿੱਜਣ ਦੀ ਵੀ ਖ਼ਬਰ ਹੈ ਜਿਸ ਕਾਰਨ ਕਿਸਾਨ ਚਿੰਤਤ ਹਨ। ਇਹ ਵੀ ਅਨੁਮਾਨ ਹੈ ਕਿ ਦਿੱਲੀ, ਐਨਸੀਆਰ ਵਿਚ ਅਗਲੇ ਤਿੰਨ ਦਿਨ ਮੀਂਹ ਪਵੇਗਾ।