ਖਨੌਰੀ : ਅੱਜ 35ਵੇਂ ਦਿਨ ਖਨੌਰੀ ਮੋਰਚੇ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਨਿਰੰਤਰ ਜਾਰੀ ਰਿਹਾ। ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਜੀ ਦੇ ਖੂਨ ਦੇ ਸੈਂਪਲ ਸਮੇਤ ਹੋਰ ਸੈਂਪਲ ਲਏ ਹਨ, ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਏਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਨੇ ਆਪਣਾ ਵੀਡੀਓ ਸੰਦੇਸ਼ ਜਾਰੀ ਕਰਕੇ "ਪੰਜਾਬ ਬੰਦ" ਨੂੰ ਭਰਪੂਰ ਸਮਰਥਨ ਦੇਣ ਲਈ ਸਾਰੇ ਵਰਗਾਂ ਅਤੇ ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਬੰਦ ਦਿਖਾਉਂਦਾ ਹੈ ਕਿ ਅੱਜ ਸਿਰਫ ਕਿਸਾਨ ਵਰਗ ਹੀ ਨਹੀਂ, ਸਗੋਂ ਸਾਰੇ ਵਰਗ ਕਿਸਾਨਾਂ ਦੀਆਂ ਮੰਗਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ 10 ਦਿਨਾਂ ਤੋਂ ਹਰ ਰੋਜ਼ ਮੋਰਚੇ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕਿਸਾਨਾਂ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ਦੇਖਕੇ ਸਰਕਾਰ ਪਿੱਛੇ ਹਟ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਸੀਂ ਕਿਸੇ ਵੀ ਸਮੇਂ ਕੋਈ ਢਿੱਲ ਨਹੀਂ ਕਰਨੀ ਅਤੇ ਮੋਰਚੇ 'ਤੇ ਵਧ ਤੋਂ ਵਧ ਗਿਣਤੀ ਵਿੱਚ ਪਹੁੰਚਣਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ 'ਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ ਅਤੇ ਉਸ ਲਈ ਪਿੰਡ-ਪਿੰਡ ਵੱਡੇ ਪੱਧਰ 'ਤੇ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਡੱਲੇਵਾਲ ਨੂੰ ਚੁੱਕਣ ਨੂੰ ਲੈ ਕੇ ਕਿਸਾਨ ਅਤੇ ਪੰਜਾਬ ਪੁਲਿਸ ਆਮੋ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ, ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸੰਭਵ ਤਰੀਕੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਹੋਣ ਲਈ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਮੀਟਿੰਗਾਂ ਨਿਰੰਤਰ ਬੇਸਿਟਾ ਨਿਕਲ ਰਹੀਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਵੱਲੋਂ ਖਨੌਰੀ ਮੋਰਚੇ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਲਿਜਾ ਕੇ ਹਸਪਤਾਲ ਦਾਖਲ ਕਰਾਉਣ ਲਈ ਵੱਖ-ਵੱਖ ਥਾਵਾਂ ਤੇ ਵੱਡੇ ਪੱਧਰ ਤੇ ਪੁਲਿਸ ਫੋਰਸਾਂ ਇਕੱਠੀਆਂ ਕੀਤੇ ਜਾਣ ਦੀਆਂ ਚਰਚਾਵਾਂ ਸਾਰਾ ਦਿਨ ਚਲਦੀਆਂ ਰਹੀਆਂ, ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਖਨੌਰੀ ਨਜ਼ਦੀਕੀ ਕਈ ਥਾਵਾਂ ਤੇ ਵਾਟਰ ਕੈਨਨ ਗੱਡੀਆਂ ਗੱਡੀਆਂ ਸਮੇਤ ਕਈ ਥਾਵਾਂ ਤੇ ਐਮਬੂਲੈਂਸ ਗੱਡੀਆਂ ਵੀ ਖੜੀਆਂ ਕੀਤੇ ਜਾਣ ਦੇ ਚਰਚੇ ਸਾਰਾ ਦਿਨ ਖਨੌਰੀ ਮੋਰਚੇ ਤੇ ਚਲਦੇ ਰਹੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਾਉਣ ਲਈ ਮਨਾਉਣ ਆਏ ਸਾਬਕਾ ਇਹ ਡੀਜੀਪੀ ਜਸਕਰਨ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਦੋ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਹਨ ਅੱਜ ਤੀਸਰੇ ਦੌਰ ਦੀ ਗੱਲਬਾਤ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਲਾਜ ਦੀ ਸਹਿਮਤੀ ਦੇਣ ਤੇ ਡਾਕਟਰਾਂ ਦੀ ਉੱਚ ਪੱਧਰੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ।ਉਨ੍ਹਾਂ ਕਿਹਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਕੀਮਤੀ ਹੈ। ਉਨ੍ਹਾਂ ਨੂੰ ਮਨਾਉਣ ਲਈ ਵਾਰ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕਿਸਾਨ ਆਗੂ ਅਭਿਮਾਨੁ ਕੋਹੜ, ਸੁਖਜਿੰਦਰ ਸਿੰਘ ਖੋਸਾ, ਸੁਰਜੀਤ ਸਿੰਘ ਫੂਲ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋ ਝੰਡੇ, ਗੁਰਿੰਦਰ ਸਿੰਘ ਭੰਗੂ, ਬਲਦੇਵ ਸਿੰਘ ਸਰਸਾ, ਜਸਵਿੰਦਰ ਸਿੰਘ, ਲੌਂਗੋਵਾਲ ਅਤੇ ਲਖਵਿੰਦਰ ਸਿੰਘ ਔਲਖ ਸਮੇਤ ਵੱਡੀ ਗਿਣਤੀ ਦੇ ਕਿਸਾਨ ਆਗੂ ਹਾਜ਼ਰ ਸਨ।