ਖਨੌਰੀ : ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 36ਵੇਂ ਦਿਨ ਵੀ ਨਿਰੰਤਰ ਜਾਰੀ ਹੈ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਜਗਜੀਤ ਸਿੰਘ ਡੱਲੇਵਾਲ ਜੀ ਦਾ ਬਲੱਡ ਪ੍ਰੈਸ਼ਰ 76/44 ਤੱਕ ਆ ਗਿਆ, ਜੋ ਕਿ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਦਿਲੀ ਇੱਛਾ ਹੈ ਕਿ ਜਿਸ ਦੀ ਕਿਸਾਨ ਵਰਗ ਨੂੰ ਦੇਖਣਾ ਚਾਹੁੰਦੇ ਹਨ ਉਨ੍ਹਾਂ ਨੇ 44 ਸਾਲ ਤੱਕ ਸੇਵਾ ਕੀਤੀ ਹੈ ਉਸ ਕਿਸਾਨ ਵਰਗ ਦੇ ਉਹ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚੇ ਉੱਪਰ ਦਰਸ਼ਨ ਕਰਨਾ ਚਾਹੁੰਦੇ ਹਨ। ਜਗਜੀਤ ਸਿੰਘ ਡੱਲੇਵਾਲ ਜੀ ਦਾ ਮੰਨਣਾ ਹੈ ਕਿ ਅੱਜ ਉਨ੍ਹਾਂ ਦੀ ਸਿਹਤ ਦੀ ਜੋ ਸਥਿਤੀ ਹੈ ਉਸ ਹਾਲਤ ਵਿੱਚ ਕਿਸੇ ਵੀ ਸਮੇਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਇਸ ਲਈ ਉਹ 4 ਜਨਵਰੀ ਨੂੰ ਖਨੌਰੀ ਕਿਸਾਨ ਮੋਰਚਾ ਉੱਪਰ ਸਮੂਹ ਕਿਸਾਨਾਂ ਨੂੰ ਆਪਣਾ ਅਹਿਮ ਸੰਦੇਸ਼ ਦੇਣਾ ਚਾਹੁੰਦੇ ਹਨ। 4 ਜਨਵਰੀ ਨੂੰ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਲਈ ਸਾਰੇ ਰਾਜਾਂ ਵਿੱਚ ਜ਼ਿਲ੍ਹਾ ਪੱਧਰ ’ਤੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਪਟਵਾਰੀ ਤੇ ਨਹਿਰੀ ਯੂਨੀਅਨ ਵੱਲੋਂ ਵੀ ਮੋਰਚੇ ’ਤੇ ਪਹੁੰਚ ਕੇ ਅੰਦੋਲਨ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਹੋਈ ਸੁਣਵਾਈ ਨੂੰ ਲੈ ਕੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਬੋਲਦੇ ਹੋਏ ਕਿਹਾ ਕਿ ਇਸ ਸੁਣਵਾਈ ਦੇ ਦੌਰਾਨ ਜੋ ਵੀ ਟਿੱਪਣੀਆਂ ਆਈਆਂ ਉਹਨਾਂ ਨੂੰ ਅਸੀਂ ਇਸ ਸਮੇਂ ਵਿਚਾਰ ਰਹੇ ਹਾਂ ਅਤੇ ਅਸੀਂ ਲਗਾਤਾਰ ਇਹ ਅਪੀਲ ਕਰ ਰਹੇ ਹਾਂ ਕੀ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕਰਨਗੀਆਂ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਅਤੇ ਗੱਲਬਾਤ ਦੇ ਜਰੀਏ ਹੀ ਇਸ ਮਸਲੇ ਦਾ ਹੱਲ ਹੋ ਸਕਦਾ। ਇਸ ਮੌਕੇ ਉਹਨਾਂ ਦੇ ਨਾਲ ਅਭਿਮਾਨੁ ਕੁਹਾੜ, ਲਖਵਿੰਦਰ ਸਿੰਘ ਔਲਖ, ਕਾਕਾ ਸਿੰਘ ਕੋਟੜਾ, ਦਲਜੀਤ ਸਿੰਘ ਵਿਰਕ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਗਰਾਜ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਕੋਟਬੁੱਢਾ, ਬਲਦੇਵ ਸਿੰਘ ਸਿਰਸਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਫੂਲ ਸਮੇਤ ਹੋਰ ਵੀ ਕਿਸਾਨ ਆਗੂ ਮੌਜੂਦ ਸਨ।