ਹੁਸ਼ਿਆਰਪੁਰ : ਸ਼ਿਵ ਸੈਨਾ ਹਿੰਦ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਿਵ ਸਾਗਰ ਮਹਾਕਾਲੀ ਮੰਦਿਰ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਜਨਰਲ ਸਕੱਤਰ ਦੀਪਾਂਸ਼ੂ ਸੂਦ ਅਤੇ ਪੰਜਾਬ ਇੰਚਾਰਜ ਤੇ ਕੌਮੀ ਬੁਲਾਰੇ ਦੀਪਕ ਸ਼ਰਮਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਇਸ ਮੌਕੇ ਨਿਸ਼ਾਂਤ ਸ਼ਰਮਾ ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮ ਬਰਾੜ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਚਾਲਕ ਗੋਲਡੀ ਬਰਾੜ ਤੇ ਰੱਜ ਕੇ 'ਵਰ੍ਹਿਆ। ਸ਼ਰਮਾ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਦੇ ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਬਿਕਰਮ ਬਰਾੜ ਨੂੰ ਧਮਕੀਆਂ ਦੇ ਕੇ ਸ਼ੇਰ ਦੇ ਮੂੰਹ ਵਿੱਚ ਹੱਥ ਪਾਇਆ ਹੈ ਉਹਨਾਂ ਕਿਹਾ ਕਿ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ।
ਸ਼ਰਮਾ ਨੇ ਕਿਹਾ ਕਿ ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਵਿਕਰਮ ਬਰਾੜ ਪੰਜਾਬ ਦੇ ਗੈਂਗਸਟਰਾਂ ਲਈ ਕਿਸੇ ਵੱਡੇ ਡਰ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਮਾਰਨ ਵਾਲੇ ਡੀਸੀਪੀ ਨੂੰ ਧਮਕੀ ਦੇਣਾ ਮੌਤ ਨੂੰ ਮਾਸੀ ਕਹਿਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਂਗਸਟਰ ਜਾਂ ਅੱਤਵਾਦੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਂਦਾ ਹੈ ਤਾਂ ਉਸ ਦਾ ਜਾਂ ਤਾਂ ਮੁਕਾਬਲਾ ਕੀਤਾ ਜਾਵੇ ਜਾਂ ਫੇਰ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਨਿਸ਼ਾਂਤ ਸ਼ਰਮਾ ਅਤੇ ਦੀਪਕ ਸ਼ਰਮਾ ਨੇ ਕਿਹਾ ਕਿ ਜੋ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਉਹਨਾ ਕਿਹਾ ਕਿ ਅਜੋਕੇ ਗੈਂਗਸਟਰਾਂ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਪੰਜਾਬ ਪੁਲਿਸ ਦੇ ਬਹਾਦਰ ਅਫਸਰਾਂ ਨੇ ਅਪਰਾਧੀਆਂ ਨੂੰ ਮਿੱਟੀ ਵਿੱਚ ਰੋਲਿਆ ਸੀ ਤੇ ਰੋਲਿਆ ਹੈ ਉਹਨਾਂ ਕਿਹਾ ਕਿ ਕਈ ਗੈਗਸਟਰ ਅਜੇ ਵੀ ਜੇਲ੍ਹ ਦੀਆ ਸਲਾਖਾਂ ਪਿੱਛੇ ਜ਼ਿੰਦਗੀ ਕੱਟ ਰਹੇ ਹਨ। ਸ਼ਰਮਾ ਨੇ ਕਿਹਾ ਕਿ ਡੀ.ਐਸ.ਪੀ.ਬਿਕਰਮਜੀਤ ਸਿੰਘ ਬਰਾੜ ਨੂੰ ਉਨ੍ਹਾਂ ਦੀ ਅਦੁੱਤੀ ਹਿੰਮਤ, ਬੇਮਿਸਾਲ ਕਾਰਗੁਜ਼ਾਰੀ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਪੰਜ ਵਾਰ ਰਾਸ਼ਟਰਪਤੀ ਵੀਰਤਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਉਹਨਾ ਕਿਹਾ ਕਿ ਪੰਜਾਬ ਵਿੱਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਤੁਰੰਤ ਫਾਂਸੀ ਤੇ ਲਟਕਾਇਆ ਜਾਵੇ। ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡੀ.ਐਸ.ਪੀ ਬਰਾੜ 'ਤੇ ਮਾਣ ਹੈ ਕਿ ਉਨ੍ਹਾਂ ਨੇ ਕਦੇ ਵੀ ਅੱਤਵਾਦੀਆਂ ਦੀ ਕਿਸੇ ਵੀ ਸਾਜ਼ਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ ਅਤੇ ਹੁਣ ਵੀ ਉਹ ਬਰਾੜ ਵਰਗੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।