ਬਸੀ ਪਠਾਣਾ : ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲਾਂ ਦੀਆਂ ਹੱਦ ਵਿੱਚ ਆਉਂਦੀਆਂ ਅਧਿਕਾਰਤ ਕਲੌਨੀਆਂ ਨੂੰ ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਇਟ ਸਮੇਤ ਹੋਰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੌਂਸਲ ਵਚਨਬੱਧ ਹੈ। ਇਹ ਜਾਣਕਾਰੀ ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦਿੱਤੀ।
ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਬਸੀ ਪਠਾਣਾ ਦੇ ਗੁੱਗਾਮਾੜੀ ਮੁਹੱਲੇ ਦੀ ਨਵੀਂ ਕਲੌਨੀ ਅਣ-ਅਧਿਕਾਰਤ ਹੈ ਅਤੇ ਕਲੌਨਾਈਜ਼ਰ ਵੱਲੋਂ ਕਲੌਨੀ ਨਗਰ ਕੌਂਸਲ ਨੂੰ ਸਪੁਰਦ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਕਲੌਨੀ ਚ ਰਹਿੰਦੇ ਵਸਨੀਕ ਕਲੌਨਾਈਜ਼ਰ ਦੀ ਅਣਗਹਿਲੀ ਕਾਰਨ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਕਲੌਨੀ ਵਾਸੀਆਂ ਦੇ ਨਕਸ਼ੇ ਪਾਸ ਹੋਣ ਦੀ ਗੱਲ ਹੈ ਤਾਂ ਸਰਕਾਰ ਦੀ ਅਣ-ਅਧਿਕਾਰਤ ਕਲੌਨੀਆਂ ਬਾਰੇ ਬਣਾਈ ਨੀਤੀ ਅਨੁਸਾਰ ਹੀ ਨਕਸ਼ੇ ਪਾਸ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ ਅਤੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਲੌਨੀ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਲੌਨਾਈਜ਼ਰ ਨੂੰ ਨਿਯਮਾਂ ਸਬੰਧੀ ਹਦਾਇਤਾਂ ਜਾਰੀ ਕਰਕੇ ਕਲੌਨੀ ਵਾਸੀਆਂ ਨੂੰ ਪਹਿਲ ਦੇ ਆਧਾਰ ਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।