ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਸ਼ਹਿਰੀ ਖੇਤਰ ਨੂੰ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਾਰਜ਼ਸੀਲ ਹੈ। ਮੰਡੀ ਗੋਬਿੰਦਗੜ੍ਹ ਦੇ ਜੱਸੜਾ ਸੂਏ ਕੋਲੋਂ ਅਜਨਾਲੀ ਨੂੰ ਜਾਂਦੀ ਸੜਕ ਉੱਤੇ ਪਹਿਲਾਂ ਵੀ ਨਗਰ ਕੌਂਸਲ ਵੱਲੋਂ ਕੰਮ ਕਰਵਾਇਆ ਗਿਆ ਸੀ ਅਤੇ ਠੰਡ ਦਾ ਮੌਸਮ ਠੀਕ ਹੋਣ 'ਤੇ ਇਸ ਸੜਕ ਦੀ ਜਲਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਹ ਜਾਣਕਾਰੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਦਿੱਤੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਿਛਲੇ ਸਾਲ ਇਸ ਸੜਕ 'ਤੇ ਸੀਸੀ ਪਾਉਣ ਦਾ ਕੰਮ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਕੂਨੈਕਸ਼ਨ ਦੇਣ ਲਈ ਸੜਕ ਦੇ ਕੁਝ ਥਾਵਾਂ 'ਤੇ ਪੁਟਾਈ ਕਰਵਾਈ ਗਈ ਹੈ ਅਤੇ ਹੁਣ ਇਹ ਕੰਮ ਹੋ ਚੁੱਕਿਆ ਹੈ। ਕੂਨੈਕਸ਼ਨ ਦੇਣ ਕਾਰਨ ਜਿਹੜੇ ਥਾਵਾਂ ਤੋਂ ਸੜਕ ਦੀ ਪੁਟਾਈ ਕੀਤੀ ਗਈ ਹੈ ਉਹਨਾਂ ਥਾਵਾਂ ਉੱਤੇ ਕੇਵਲ ਸੈਟਲਮੈਂਟ ਹੋਣੀ ਰਹਿੰਦੀ ਹੈ ਜੋ ਕਿ ਛੇਤੀ ਹੀ ਕੰਮ ਕਰਵਾ ਕੇ ਲੋਕਾਂ ਦੀ ਮੁਸ਼ਕਿਲ ਹੱਲ ਕੀਤੀ ਜਾਵੇਗੀ।
ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੂਚਨਾ ਦਾ ਅਧਿਕਾਰ ਐਕਟ ਤਹਿਤ ਮੰਗੀ ਗਈ ਜਾਣਕਾਰੀ ਸਮੇਂ ਸਿਰ ਦਿੱਤੀ ਜਾਂਦੀ ਹੈ ਅਤੇ ਇਸ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ।