ਰੂਪਨਗਰ : ਹੁਣੇ ਹੁਣੇ ਤਾਜ਼ਾ ਜਾਣਕਾਰੀ ਮੁਤਾਬਕ ਸੰਘਰਸ਼ੀ ਕਿਸਾਨ ਜੱਥੇਬੰਦੀਆਂ RSS ਵਲੋਂ ਲਾਏ ਗਏ ਇੱਕ ਕੈਂਪ ਵਿਚ ਵੜ ਗਈਆਂ ਤੇ ਬਹਿਸ ਨਾਅਰੇਬਾਜ਼ੀ ਕੀਤੀ ਗਈ ਹੈ। ਮੌਕੇ 'ਤੇ ਪੁਲਿਸ ਹਾਲਾਤ 'ਤੇ ਕਾਬੂ ਪਾਉਣ ਦਾ ਯਤਨ ਕਰ ਰਹੀ ਹੈ। ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮੌਕੇ 'ਤੇ ਰੋਕਣ ਦੀ ਯਤਨ ਕੀਤਾ, ਪਰ ਉਹ ਨਹੀਂ ਰੁਕੇ।
ਜਾਣਕਾਰੀ ਅਨੁਸਾਰ ਰੋਪੜ ਜ਼ਿਲ੍ਹੇ ਦੇ ਨੂਰਪੁਰਬੇਦੀ ਥਾਣਾ ਖੇਤਰ 'ਚ ਬਾਬਾ ਬਾਲ ਜੀ ਦੇ ਆਸ਼ਰਮ 'ਚ ਕੌਮੀ ਸਵੈਸੇਵਕ ਸੰਘ (RSS) ਵੱਲੋਂ ਵੀਰਵਾਰ ਨੂੰ ਖ਼ੂਨਦਾਨ ਕੈਂਪ ਲਗਾਇਆ ਜਾਣਾ ਸੀ। ਇਸ ਦੀ ਭਿਣਕ ਜਿਉਂ ਹੀ ਕਿਸਾਨ ਜਥੇਬੰਦੀਆਂ ਨੂੰ ਲੱਗੀ, ਉਹ ਵਿਰੋਧ ਲਈ ਪਹੁੰਚ ਗਏ। ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ।
ਕੌਮੀ ਸਵੈਸੇਵਕ ਸੰਘ ਨੇ ਜ਼ਿਲ੍ਹੇ 'ਚ ਖ਼ੂਨ ਦੀ ਘਾਟ ਦੇ ਮੱਦੇਨਜ਼ਰ ਖ਼ੂਨਦਾਨ ਕੈਂਪ ਲਗਾਇਆ ਸੀ। ਇਸ ਸਬੰਧੀ ਰੂਪਨਗਰ ਸਿਹਤ ਵਿਭਾਗ ਨੂੰ ਦਿੱਤੇ ਗਏ ਪੱਤਰ ਵਿਚ ਕੌਮੀ ਸਵੈ-ਸੈਵਕ ਸੰਘ ਨੇ 20 ਮਈ ਨੂੰ ਨੂਰਪੁਰਬੇਦੀ, 22 ਮਈ ਨੂੰ ਆਨੰਦਪੁਰ ਸਾਹਿਬ ਤੇ 23 ਮਈ ਨੂੰ ਰੂਪਨਗਰ 'ਚ ਖ਼ੂਨਦਾਨ ਕੈਂਪ ਲਗਾਉਣੇ ਹਨ।
ਨੂਰਪੁਰਬੇਦੀ 'ਚ ਬਾਬਾ ਬਾਲ ਜੀ ਦੇ ਆਸ਼ਰਮ 'ਚ ਕੈਂਪ ਲਗਾਉਣ ਵਾਲੀ ਥਾਂ 'ਤੇ ਪੂਰੀ ਤਿਆਰ ਹੋ ਚੁੱਕੀ ਸੀ ਤੇ ਬਲੱਡ ਬੈਂਕ ਦੀ ਟੀਮ ਵੀ ਪਹੁੰਚ ਚੁੱਕੀ ਸੀ। ਕਿਸਾਨ ਜਥੇਬੰਦੀਆਂ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਮੌਕੇ 'ਤੇ ਪਹੁੰਚ ਗਈਆਂ ਤੇ ਖ਼ੂਨਦਾਨ ਕੈਂਪ ਨਾ ਲਾਉਣ ਦੇਣ ਦੀ ਗੱਲ ਕਹੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਆਰਐੱਸਐੱਸ ਆਗੂਆਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਕਿਸਾਨ ਕੈਂਪ ਨਾ ਲਗਾਉਣ ਦੇਣ 'ਤੇ ਅੜੇ ਰਹੇ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ।