ਗ੍ਰਿਫਤਾਰ ਮੁਲਜ਼ਮ ਗੈਂਗਸਟਰ ਪ੍ਰਭ ਦਾਸੂਵਾਲ ਦੇ ਨਿਰਦੇਸ਼ਾਂ ’ਤੇ ਚਲਾ ਰਹੇ ਸਨ ਫਿਰੌਤੀ ਰੈਕੇਟ: ਡੀ.ਜੀ.ਪੀ. ਗੌਰਵ ਯਾਦਵ
ਜਵਾਬੀ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮ ਗੋਲੀ ਲੱਗਣ ਨਾਲ ਹੋਏ ਜਖ਼ਮੀ : ਐੱਸ.ਐੱਸ.ਪੀ. ਤਰਨਤਾਰਨ ਅਭਿਮਨਿਊ ਰਾਣਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਜਾਰੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਤਰਨਤਾਰਨ ਦੇ ਵਲਟੋਹਾ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਵਿਦੇਸ਼ੀ ਮੂਲ ਦੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜ਼ਿਲ੍ਹਾ ਤਰਨਤਾਰਨ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ (ਡੀਜੀਪੀ) ਗੌਰਵ ਯਾਦਵ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ ਉਰਫ ਕਰਨ ਵਾਸੀ ਪਿੰਡ ਤੂਤ (ਤਰਨਤਾਰਨ) ਅਤੇ ਗੁਰਲਾਲਜੀਤ ਸਿੰਘ ਉਰਫ ਲਾਲੀ ਪਿੰਡ ਭੰਗਾਲਾ (ਤਰਨਤਾਰਨ) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ .32 ਬੋਰ ਦਾ ਪਿਸਤੌਲ, ਜਿੰਦਾ ਕਾਰਤੂਸ ਅਤੇ ਕਾਰਤੂਸਾਂ ਦੇ ਖਾਲੀ ਖੋਲ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦਾ ਹੌਂਡਾ ਐਕਟਿਵਾ ਸਕੂਟਰ, ਜਿਸ ’ਤੇ ਉਹ ਸਵਾਰ ਸਨ, ਵੀ ਜ਼ਬਤ ਕੀਤਾ ਹੈ।
ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ, ਹੈਂਡਲਰ ਪ੍ਰਭ ਦਾਸੂਵਾਲ , ਜੋ ਕਿ ਘਨਸ਼ਿਆਮਪੁਰੀਆ ਗਿਰੋਹ ਨਾਲ ਸਬੰਧਤ ਹੈ, ਦੇ ਨਿਰਦੇਸ਼ਾਂ ’ਤੇ ਜ਼ਬਰਨ ਵਸੂਲੀ ਦਾ ਰੈਕੇਟ ਚਲਾ ਰਹੇ ਸਨ ਅਤੇ ਗੋਲੀਬਾਰੀ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਗੋਲੀਬਾਰੀ ਦੀ ਤਾਜ਼ਾ ਘਟਨਾ ਇਸ ਸਾਲ 1 ਜਨਵਰੀ ਨੂੰ ਪਿੰਡ ਘਰਿਆਲਾ ਦੇ ਇਕ ਮੈਡੀਕਲ ਸਟੋਰ ’ਤੇ ਵਾਪਰੀ ਸੀ ਅਤੇ ਵਲਟੋਹਾ ਵਿਖੇ ਗੋਲੀਬਾਰੀ ਦੀ ਇਕ ਹੋਰ ਘਟਨਾ 2 ਦਸੰਬਰ, 2024 ਨੂੰ ਵਾਪਰੀ ਸੀ, ਜਦੋਂ ਇੱਕ ਆੜ੍ਹਤੀਏ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਨਿਸ਼ਾਨਾ ਬਣਾਇਆ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਤਰਨਤਾਰਨ ਪੁਲਿਸ ਨੇ ਇੱਕ ਵਿਸ਼ੇਸ਼ ਅਭਿਆਨ ਚਲਾਇਆ ਹੈ ਅਤੇ ਤਕਨੀਕੀ ਪਹਿਲੂਆਂ ਤੇ ਮਨੁੱਖੀ ਸੂਝ-ਬੂਝ ਤਹਿਤ ਕਾਰਵਾਈ ਕਰਦੇ ਹੋਏ ਦੋਵੇਂ ਮਾਮਲਿਆਂ ’ਚ ਸ਼ਾਮਲ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ।
ਉਨ੍ਹਾਂ ਦੱਸਿਆ ਕਿ ਵਲਟੋਹਾ ਖੇਤਰ ’ਚ ਘੁੰਮ ਰਹੇ ਕਥਿਤ ਦੋਸ਼ੀਆਂ ਬਾਰੇ ਪੁਖ਼ਤਾ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਐਸ.ਪੀ ਇਨਵੈਸਟੀਗੇਸ਼ਨ ਅਜੈਰਾਜ ਸਿੰਘ, ਡੀ.ਐਸ.ਪੀ ਇਨਵੈਸਟੀਗੇਸ਼ਨ ਰਜਿੰਦਰ ਮਿਨਹਾਸ ਅਤੇ ਡੀ.ਐਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਵਲਟੋਹਾ ਵਿਖੇ ਨਾਕੇ ’ਤੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਇਸ ’ਤੇ ਸਵੈਰੱਖਿਆ ਲਈ ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ।
ਹੋਰ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਤਰਨਤਾਰਨ ਅਭਿਮਨਿਊ ਰਾਣਾ ਨੇ ਦੱਸਿਆ ਕਿ ਜਵਾਬੀ ਗੋਲੀਬਾਰੀ ਵਿੱਚ ਮੁਲਜ਼ਮ ਕਰਨਪ੍ਰੀਤ ਅਤੇ ਗੁਰਲਾਲਜੀਤ ਨੂੰ ਗੋਲੀਆਂ ਲੱਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਕਰਨ ਅਤੇ ਗੁਰਲਾਲਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਨਪ੍ਰੀਤ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਪੰਜਾਬ ਪੁਲਿਸ ਨੂੰ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਐਸਐਸਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਦੋਵਾਂ ਮਾਮਲਿਆਂ ਵਿੱਚ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਫਆਈਆਰ ਨੰ. 3 ਮਿਤੀ 07/01/2025 ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 109, 132, 221 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 (6) (7) ਤਹਿਤ ਥਾਣਾ ਵਲਟੋਹਾ ਵਿਖੇ ਕੇਸ ਦਰਜ ਕੀਤਾ ਗਿਆ ਹੈ।