ਸੁਨਾਮ : ਜ਼ਮੀਨੀ ਝਗੜੇ ਨੂੰ ਲੈਕੇ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਥਾਣਾ ਸ਼ਹਿਰੀ ਸੁਨਾਮ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਤਿੰਨ ਕਥਿਤ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਬੁੱਧਵਾਰ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ, ਐੱਸਐੱਚਓ ਪ੍ਰਤੀਕ ਜਿੰਦਲ ਅਤੇ ਚੌਕੀ ਇੰਚਾਰਜ਼ ਮਿੱਠੂ ਰਾਮ ਨੇ ਦੱਸਿਆ ਕਿ ਪੀੜਤ ਵਿਅਕਤੀ ਬਚਿੱਤਰ ਸਿੰਘ ਵਾਸੀ ਢੰਡੋਲੀ ਖੁਰਦ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਸੁਨਾਮ ਤੋਂ ਆਪਣਾ ਨਿੱਜੀ ਕੰਮਕਾਰ ਕਰਕੇ ਮੋਟਰਸਾਈਕਲ ’ਤੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਜਦੋਂ ਉਹ ਜਗਤਪੁਰਾ ਨੇੜੇ ਆਇਆ ਤਾਂ ਚਾਰ-ਪੰਜ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਕੀ ਤਿੰਨਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਪੀੜਤ ਵਿਅਕਤੀ ਬਚਿੱਤਰ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਜਤਿੰਦਰਪਾਲ ਸਿੰਘ, ਕਿਸਮਤ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੱਗੂ ਸਿੰਘ ਅਤੇ ਸਤਨਾਮ ਸਿੰਘ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਤਿੰਦਰਪਾਲ ਸਿੰਘ, ਕਿਸਮਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਲਦੀ ਹੀ ਦੂਜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਡੀਐਸਪੀ ਨੇ ਦੱਸਿਆ ਕਿ ਕਿਸੇ ਜ਼ਮੀਨੀ ਝਗੜੇ ਕਾਰਨ ਇਸ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇੰਨਾਂ ਵਿੱਚੋਂ ਕੁੱਝ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ।