ਸੁਨਾਮ : ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਖਿਲਾਫ ਕੀਤੀਆਂ ਟਿੱਪਣੀਆਂ ਤੋਂ ਭੜਕੇ ਕਾਂਗਰਸੀਆਂ ਨੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਜਸਵਿੰਦਰ ਸਿੰਘ ਧੀਮਾਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਖਿਲਾਫ ਕੀਤੀਆਂ ਟਿੱਪਣੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਮੁਲਕ ਅੰਦਰ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਸੱਤਾ ਹਥਿਆਉਣ ਲਈ ਜਾਤਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਆਜ਼ਾਦੀ ਆਉਣ ਦੇ ਦਿੱਤੇ ਬਿਆਨ ਨੂੰ ਨਫ਼ਰਤ ਭਰਿਆ ਕ਼ਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਭਾਜਪਾ ਦਾ ਰਤਾ ਭਰ ਵੀ ਯੋਗਦਾਨ ਨਹੀਂ ਹੈ। ਮਹਾਤਮਾ ਗਾਂਧੀ ਵਰਗੇ ਦੇਸ਼ ਭਗਤਾਂ ਨੇ ਆਜ਼ਾਦੀ ਲਈ ਸੰਘਰਸ਼ ਕੀਤਾ ਇਸੇ ਕਾਰਨ ਉਨ੍ਹਾਂ ਦੇ ਆਦਮ ਕੱਦ ਬੁੱਤ ਦੁਨੀਆਂ ਦੇ ਕਈ ਹੋਰ ਮੁਲਕਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਖਿਲਾਫ ਕੀਤੀਆਂ ਟਿੱਪਣੀਆਂ ਦੀ ਜਨਤਕ ਤੌਰ ਤੇ ਮੁਆਫੀ ਮੰਗਣ। ਇਸ ਮੌਕੇ ਪੰਜਾਬ ਐਗਰੋ ਦੀ ਸਾਬਕਾ ਚੇਅਰਪਰਸਨ ਗੀਤਾ ਸ਼ਰਮਾ, ਕੌਂਸਲਰ ਸੁਖਬੀਰ ਸੁੱਖੀ ਜਿੰਮ, ਜਸਪਾਲ ਸਿੰਘ ਵਿਰਕ, ਸ਼ੁਕਰ ਪਾਲ ਬਟੂਹਾ, ਕੁਲਜੀਤ ਸਿੰਘ ਬਡਰੁੱਖਾਂ, ਜਸਕਰਨ ਸਿੰਘ, ਜਸਵੰਤ ਸਿੰਘ ਭੰਮ, ਸਾਹਿਲ ਜੌੜਾ, ਬਲਜਿੰਦਰ ਕੌਰ ਰੂਬੀ, ਸ਼ਸ਼ੀ ਅਗਰਵਾਲ, ਡਿੰਪਲ ਗਰਗ, ਗੁਰਮੀਤ ਸ਼ਰਮਾ, ਕ੍ਰਿਸ਼ਨ ਸ਼ਰਮਾ, ਜਸ਼ ਜੋਸ਼ਨ, ਵਿਕਰਾਂਤ ਸ਼ਰਮਾ, ਕਿਰਨਜੀਤ ਕੌਰ ਚੱਠੇ ਸੇਖਵਾਂ, ਕਰਮਜੀਤ ਕੌਰ ਮਾਡਲ ਟਾਊਨ ਆਦਿ ਹਾਜ਼ਰ ਸਨ।