ਮਹਾਰਾਸ਼ਟਰ: ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿਚ ਪੁਲਿਸ ਅਤੇ ਨਕਸਲੀਆਂ ਵਿਚ ਚੱਲੇ ਮੁਕਾਬਲੇ ਦੌਰਾਨ 13 ਨਕਸਲੀਆਂ ਦੇ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਗੜ੍ਹਚਿਰੌਲੀ ਦੇ ਡੀਆਈਜੀ ਸੰਦੀਪ ਪਾਟਿਲ ਨੇ ਦਸਿਆ ਕਿ ਇਹ ਮੁਕਾਬਲਾ ਮਹਾਰਾਸ਼ਟਰ ਪੁਲਿਸ ਦੀ ਸੀ -60 ਯੂਨਿਟ ਅਤੇ ਨਕਸਲੀਆਂ ਵਿਚਾਲੇ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਕਾਸਨਸੂਰ ਦਾਲਮ ਦੇ ਨਕਸਲੀਆਂ ਨੇ ਤੇਂਦੂ ਪੱਤੇ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਕਸਲੀਆਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਤੜਕੇ ਸਵੇਰੇ ਰਵਾਨਾ ਹੋਣ ਵਾਲੇ ਸਨ, ਪਰ ਉਨ੍ਹਾਂ ਦੇ ਡੇਰੇ 'ਤੇ ਗੜ੍ਹਚਿਰੌਲੀ ਅਤੇ ਅਹੇੜੀ ਦੇ ਪ੍ਰਣਾਹਿਤਾ ਮੁੱਖ ਦਫਤਰ ਦੇ ਕਮਾਂਡੋਜ਼ ਨੇ ਹਮਲਾ ਕਰ ਦਿੱਤਾ। ਇਹ ਸਾਰੀ ਕਾਰਵਾਈ ਪੁਲਿਸ ਨੂੰ ਮਿਲੀ ਖੂਫੀਆ ਜਾਣਕਾਰੀ ਕਾਰਨ ਸੰਭਵ ਹੋ ਸਕੀ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਨੂੰ ਇਲਾਕੇ ਵਿਚ ਨਕਸਲੀਆਂ ਬਾਰੇ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਦੀ ਸੀ -60 ਕਮਾਂਡੋ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਸਮੇਂ ਦੌਰਾਨ ਨਕਸਲਵਾਦੀਆਂ ਨੇ ਪੁਲਿਸ ਟੀਮ 'ਤੇ ਹਮਲਾ ਕੀਤਾ ਅਤੇ ਫਿਰ ਮੁੱਠਭੇੜ ਸ਼ੁਰੂ ਹੋ ਗਈ। ਇਸ ਮੁਕਾਬਲੇ ਵਿਚ 13 ਨਕਸਲੀ ਮਾਰੇ ਗਏ ਹਨ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਗੜ੍ਹਚਿਰੌਲੀ ਦੇ ਡੀਆਈਜੀ ਸੰਦੀਪ ਪਾਟਿਲ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਜੇ ਤੱਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਇਲਾਕੇ ਵਿਚ ਇਕ ਪੁਲਿਸ ਟੀਮ ਦੀ ਸਰਚ ਆਪ੍ਰੇਸ਼ਨ ਜਾਰੀ ਹੈ। ਦੱਸ ਦਈਏ ਕਿ ਮਹਾਰਾਸ਼ਟਰ ਦਾ ਗੜਚਿਰੋਲੀ ਖੇਤਰ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ। ਇਹ ਸਾਰਾ ਖੇਤਰ ਨਕਸਲ ਪ੍ਰਭਾਵਿਤ ਹੈ।