ਰੋਹਤਕ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਗੁਰਮੀਤ ਰਾਮ ਰਹੀਮ ਨੇ ਆਪਣੀ ਬੀਮਾਰ ਮਾਂ ਨੂੰ ਵੇਖਣ ਲਈ ਪੈਰੋਲ ਲਈ ਅਰਜ਼ੀ ਲਗਾਈ ਸੀ। ਹੁਣ ਇਸੇ ਸਬੰਧ ਵਿਚ ਗੁਰਮੀਤ ਰਾਮ ਰਹੀਮ ਨੂੰ ਹੁਣ 48 ਘੰਟੇ ਦੀ ਹਿਰਾਸਤ ਪੈਰੋਲ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਗੁਰਮੀਤ ਰਾਮ ਰਹੀਮ ਨੇ ਇਸ ਵਾਰ 21 ਦਿਨਾਂ ਲਈ ਐਮਰਜੈਂਸੀ ਪੈਰੋਲ ਲਈ ਅਰਜ਼ੀ ਦਿੱਤੀ ਸੀ। ਗੁਰਮੀਤ ਰਾਮ ਰਹੀਮ ਨੂੰ ਸਵੇਰੇ 6.15 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ 'ਤੇ ਬਾਹਰ ਕੱਢਿਆ ਗਿਆ ਸੀ। ਰਾਮ ਰਹੀਮ ਆਪਣੀ ਬੀਮਾਰ ਮਾਂ ਨੂੰ ਮਿਲਣ ਗੁਰੂਗ੍ਰਾਮ ਗਿਆ ਹੈ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਥੇ ਦਸ ਦਈਏ ਕਿ ਆਪਣੀ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਰਾਮ ਰਹੀਮ ਪਹਿਲਾਂ ਵੀ ਪੈਰੋਲ 'ਤੇ ਬਾਹਰ ਆ ਚੁੱਕਾ ਹੈ। ਉਸ ਸਮੇਂ ਵੀ, ਰਾਮ ਰਹੀਮ ਆਪਣੀ ਮਾਂ ਨੂੰ ਮਿਲਣ ਗੁਰੂਗਰਾਮ ਦੇ ਹਸਪਤਾਲ ਆਇਆ ਸੀ। ਪਰ ਉਸ ਸਮੇਂ ਇਸ ਜਾਣਕਾਰੀ ਨੂੰ ਜਨਤਕ ਨਹੀਂ ਕੀਤਾ ਗਿਆ ਸੀ। ਤਕਰੀਬਨ 20 ਦਿਨ ਬਾਅਦ, ਜਦੋਂ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਅਤੇ ਸਵਾਲ ਉੱਠਣ ਲੱਗੇ ਤਾਂ ਸੁਨਾਰੀਆ ਜੇਲ੍ਹ ਸੁਪਰਡੈਂਟ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਗੁਪਤ ਤਰੀਕੇ ਨਾਲ ਪੈਰੋਲ ਦਿੱਤੀ ਜਾ ਸਕਦੀ ਹੈ। ਇਹ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਵੀ ਦਲੀਲ ਦਿੱਤੀ ਸੀ ਕਿ ਰਾਮ ਰਹੀਮ ਨੂੰ ਉਸ ਦੀ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਕੁੱਝ ਘੰਟਿਆਂ ਲਈ ਪੈਰੋਲ ਦਿੱਤੀ ਗਈ ਸੀ।