ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ 26 ਜਨਵਰੀ, 2025 ਨੂੰ ਹੋਣ ਵਾਲੇ 76ਵੇਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਰਾਜ ਦੇ 06 ਮੱਛੀ/ਝੀਂਗਾ ਕਿਸਾਨਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਦੇ ਨਾਲ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੱਛੀ/ਝੀਂਗਾ ਕਿਸਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਤਿੰਨ ਦਿਨਾਂ ਲਈ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੇ ਮਹਿਮਾਨ ਹੋਣਗੇ। ਪ੍ਰੋਗਰਾਮ ਅਨੁਸਾਰ ਇਹ ਕਿਸਾਨ 25 ਜਨਵਰੀ, 2025 ਨੂੰ ਹਵਾਈ ਯਾਤਰਾ ਦੁਆਰਾ ਦਿੱਲੀ ਜਾਣਗੇ ਜਿੱਥੇ ਉਹ 25 ਤੋਂ 27 ਜਨਵਰੀ, 2025 ਤੱਕ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਨ੍ਹਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੀ ਪਰੇਡ ਬਤੌਰ ਵਿਸ਼ੇਸ਼ ਮਹਿਮਾਨ ਦੇਖਣ ਦਾ ਮੌਕਾ ਮਿਲੇਗਾ। ਚੁਣੇ ਗਏ ਮੱਛੀ/ਝੀਂਗਾ ਕਿਸਾਨ ਸ਼੍ਰੀਮਤੀ ਰੋਬਿਨਦੀਪ ਕੌਰ, ਜ਼ਿਲ੍ਹਾ ਮਾਨਸਾ; ਸ਼੍ਰੀ ਕਮਲਜੀਤ ਸਿੰਘ, ਜ਼ਿਲ੍ਹਾ ਲੁਧਿਆਣਾ; ਸ਼੍ਰੀਮਤੀ ਨਰਿੰਦਰਜੀਤ ਕੌਰ ਗੁਰੋਂ, ਜ਼ਿਲ੍ਹਾ ਲੁਧਿਆਣਾ; ਸ਼੍ਰੀ ਹਰਮੀਤ ਸਿੰਘ, ਜ਼ਿਲ੍ਹਾ ਫਾਜ਼ਿਲਕਾ; ਸ਼੍ਰੀਮਤੀ ਰੁਪਿੰਦਰ ਕੌਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਸੁਖਰਾਜ ਸਿੰਘ ਸੰਧੂ, ਜ਼ਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਹਨ।
ਇਨ੍ਹਾਂ ਦੇ ਨਾਲ ਪ੍ਰੋਗਰਾਮ ਵਿੱਚ ਮੱਛੀ ਪਾਲਣ ਵਿਭਾਗ, ਪੰਜਾਬ ਦੇ ਨੋਡਲ ਅਫਸਰ ਵਜੋਂ ਸ਼੍ਰੀਮਤੀ ਸਤਿੰਦਰ ਕੌਰ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਹਾਲੀ (ਮੁੱਖ ਦਫਤਰ) ਵੱਲੋਂ ਵੀ ਭਾਗ ਲਿਆ ਜਾਵੇਗਾ, ਜੋ ਕਿ ਇਨ੍ਹਾਂ ਕਿਸਾਨਾਂ ਦੀ ਅਗਵਾਈ ਕਰਨਗੇ। ਚੁਣੇ ਗਏ ਇਨ੍ਹਾਂ ਮੱਛੀ/ਝੀਂਗਾ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਲਈ ਯੂਨਿਟ ਕਾਸਟ ਤੇ 40% ਤੋਂ 60% ਸਬਸਿਡੀ ਦਾ ਲਾਭ ਪ੍ਰਾਪਤ ਹੋਇਆ ਹੈ। ਸ੍ਰੀ ਜਸਵੀਰ ਸਿੰਘ, ਡਾਇਰੈਕਟਰ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਦੱਸਿਆ ਗਿਆ ਹੈ ਕਿ ਮੱਛੀ ਪਾਲਣ ਦੇ ਖੇਤਰ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਿਲ ਕੇ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਹੁਣ ਤੱਕ 500 ਤੋਂ ਵੱਧ ਲਾਭਪਾਤਰੀਆਂ ਨੂੰ 26.00 ਕਰੋੜ ਤੋਂ ਵੱਧ ਦੀ ਸਬਸਿਡੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਇੱਕ ਅਜਿਹੀ ਸਕੀਮ ਹੈ, ਜਿਸ ਵਿੱਚ ਮੱਛੀ ਪਾਲਣ ਦੇ ਸੈਕਟਰ ਨਾਲ ਜੁੜੇ ਲੱਗਭੱਗ ਹਰ ਤਰ੍ਹਾਂ ਦੇ ਪ੍ਰੋਜੈਕਟ ਸ਼ਾਮਿਲ ਹਨ। ਇਸ ਸਕੀਮ ਅਧੀਨ ਪੰਜਾਬ ਰਾਜ ਵਿੱਚ ਪਹਿਲੀ ਵਾਰ ਪ੍ਰਾਈਵੇਟ ਸੈਕਟਰ ਵਿੱਚ ਪ੍ਰੋਜੈਕਟ ਜਿਵੇਂ ਕਿ ਮੱਛੀ ਫੀਡ ਮਿੱਲਾਂ, ਇੰਨਸੁਲੇਟਿਡ ਵੈਨਾਂ, ਬਾਇਓ-ਫਲਾਕ ਕਲਚਰ ਸਿਸਟਮ, ਮੱਛੀ ਕਿਓਸਕ ਦੀ ਸਥਾਪਨਾ/ਸੁਧਾਰ ਆਦਿ ਨੂੰ ਅਪਣਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਨਾਲ ਪੰਜਾਬ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।