ਸੁਨਾਮ : ਡੀਏਵੀ ਪਬਲਿਕ ਸਕੂਲ ਸੁਨਾਮ ਵਿਖੇ 76ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਅਨੁਰਿੱਧ ਵਸ਼ਿਸ਼ਟ, ਡਾਇਰੈਕਟਰ ਪਰਮਿੰਦਰ ਸਿੰਘ ਧਾਲੀਵਾਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ। ਇਸ ਤੋਂ ਬਾਅਦ ਚਾਰੇ ਹਾਊਸਾਂ ਅਤੇ ਏਅਰ ਵਿੰਗ ਅਤੇ ਨੇਵਲ ਵਿੰਗ ਦੇ ਕੈਡਿਟਾਂ ਨੇ ਮਾਰਚ ਪਾਸਟ ਕਰਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਉਪਰੰਤ ਦੇਸ਼ ਭਗਤੀ ਨੂੰ ਸਮਰਪਿਤ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਚੇਅਰਮੈਨ ਅਨੁਰਿੱਧ ਵਸ਼ਿਸ਼ਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸਪੂਤਾਂ ਦੀ ਵਡੇਰੀ ਜੱਦੋਜਹਿਦ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਅਤੇ 26 ਜਨਵਰੀ ਦੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਇਆ। ਉਨ੍ਹਾਂ ਕਿਹਾ ਕਿ ਹਰ ਭਾਰਤੀ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਦੀ ਰੱਖਿਆ ਕਰੀਏ ਅਤੇ ਆਪਣੇ ਮੌਲਿਕ ਅਧਿਕਾਰਾਂ ਅਤੇ ਫਰਜ਼ਾਂ ਦੀ ਪਾਲਣਾ ਕਰੀਏ। ਵੋਟਰ ਦਿਵਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਹੀ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਮਹੀਨੇ ਹੋਣ ਵਾਲੀ ਸਾਲਾਨਾ ਪ੍ਰੀਖਿਆ ਦੀ ਤਿਆਰੀ ਲਈ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਵੀ ਪੀ ਗੁਪਤਾ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਿੱਖਿਆ ਸਲਾਹਕਾਰ ਤੇ ਮੈਨੇਜਰ ਡਾਕਟਰ ਡੌਲੀ ਰਾਏ, ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਡਾਕਟਰ ਪੁਰਸ਼ੋਤਮ ਵਸ਼ਿਸ਼ਟ, ਸਤਿੰਦਰ ਸਿੰਘ ਧਾਲੀਵਾਲ ਅਤੇ ਡਾਕਟਰ ਅੰਬਰੀਸ਼ ਰਾਏ, ਵਾਈਸ ਪ੍ਰਿੰਸੀਪਲ ਅੰਤੂ ਗਰਗ ਨੇ ਵੀ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਆਜ਼ਾਦੀ ਦੇ ਅਸਲ ਮਾਅਨਿਆਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ।