ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫ਼ਿਲਮ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ਼ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਕਰਵਾਇਆ ਜਾ ਰਿਹਾ ਤਿੰਨ ਦਿਨਾ ਵਾਤਾਵਰਣ ਅਤੇ ਸਿਨੇਮਾ ਉਤਸਵ 29 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਵਾਤਾਵਰਣ ਅਤੇ ਸਿਨੇਮਾ ਦੇ ਸੁਮੇਲ ਵਾਲ਼ਾ ਇਹ ਵਿਲੱਖਣ ਉਤਸਵ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਆਪਣੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਤਹਿਤ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਕਿ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਮਰਥਨ ਪ੍ਰਾਪਤ ਹੈ। ਪੀ. ਏ. ਆਰ. ਡੀ. ਏ. (ਪਾਰਡਾ) ਵੈਲਫੇਅਰ ਸੋਸਾਇਟੀ ਵੱਲੋਂ ਆਯੋਜਿਤ, ਇਹ ਉਤਸਵ ਵਾਤਾਵਰਣ ਸੰਭਾਲ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਵਾਤਾਵਰਣ ਸਿੱਖਿਆ, ਸਿਨੇਮੈਟਿਕ ਅਨੁਭਵਾਂ ਅਤੇ ਵਿਚਾਰ-ਉਤੇਜਕ ਸਕਾਰਾਤਮਕ ਚਰਚਾ ਦਾ ਸਬੱਬ ਬਣੇਗਾ।
ਥੀਏਟਰ ਅਤੇ ਫਿਲਮ ਨਿਰਮਾਣ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਅਤੇ ਪਾਰਡਾ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਅਮਨਿੰਦਰ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਕਿਰਤੀ, ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਵਿਸ਼ਿਆਂ ਉੱਤੇ ਕੇਂਦ੍ਰਿਤ ਫ਼ਿਲਮਾਂ ਦੀ ਸਕ੍ਰੀਨਿੰਗ ਇਸ ਫ਼ੈਸਟੀਵਲ ਦੇ ਮੁੱਖ ਨੁਕਤਿਆਂ ਵਿੱਚ ਸ਼ਾਮਲ ਹੈ। ਉਤਸਵ ਦੌਰਾਨ ਫ਼ਿਲਮ ਸਕਰੀਨਿੰਗ ਤੋਂ ਇਲਾਵਾ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੇ ਟਿਕਾਊ ਜੀਵਨ, ਵਾਤਾਵਰਣ-ਅਨੁਕੂਲ ਅਭਿਆਸਾਂ ਅਤੇ ਵਾਤਾਵਰਣ ਸੰਭਾਲ ਵਰਗੇ ਵਿਸ਼ਿਆਂ 'ਤੇ ਵਾਤਾਵਰਣ ਵਰਕਸ਼ਾਪਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਈ-ਵੇਸਟ ਪ੍ਰਬੰਧਨ, ਕਿਸਾਨ ਅਤੇ ਏ.ਆਈ, ਨਵਿਆਉਣਯੋਗ ਊਰਜਾ ਦੇ ਮਾਹਿਰਾਂ ਦੀ ਸ਼ਮੂਲੀਅਤ ਵਾਲੇ ਚਰਚਾ ਪੈਨਲ, ਸੰਗੀਤਕ ਸ਼ਾਮਾਂ ਆਦਿ ਇਸ ਦਾ ਮੁੱਖ ਆਕਰਸ਼ਣ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੀ. ਪ੍ਰਿਯਾਂਕ ਭਾਰਤੀ (ਆਈ.ਏ.ਐੱਸ.), ਪ੍ਰਸ਼ਾਸਕ ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਵਾਤਾਵਰਣ ਅਤੇ ਜੰਗਲੀ ਜੀਵ ਸੰਭਾਲ, ਪੰਜਾਬ ਸਰਕਾਰ ਇਸ ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਅਤੇ ਪਦਮ ਸ਼੍ਰੀ ਨਿਰਮਲ ਰਿਸ਼ੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੋਂ ਕਾਰਜਕਾਰੀ ਨਿਰਦੇਸ਼ਕ ਇੰਜ. ਪ੍ਰਿਤਪਾਲ ਸਿੰਘ,, ਪੀਐਸਸੀਐਸਟੀ, ਸੰਯੁਕਤ ਨਿਰਦੇਸ਼ਕ ਡਾ. ਕੇ ਐੱਸ ਬਾਥ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ਼੍ਰੀ ਆਦਰਸ਼ ਪਾਲ,ਮੈਂਬਰ ਸਕੱਤਰ ਸ਼੍ਰੀ ਜੀ ਐੱਸ ਮਜੀਠੀਆ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਪੁਰੀ, ਪ੍ਰੋਫੈਸਰ ਕੇ.ਸੀ. ਬਰਾਲ, ਡਾ. ਸੁਨੀਤਾ ਧੀਰ ਅਤੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਮਹਿਮਾਨ ਵਜੋਂ ਸ਼ਿਰਕਤ ਕਰਨਗੀਆਂ।