ਚੋਰੀ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲਿਆ
ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਕਰਾਂਗੇ ਕਾਰਵਾਈ - ਖਹਿਰਾ
ਸੁਨਾਮ : ਮਨੁੱਖੀ ਜਾਨਾਂ ਲਈ ਖੌਅ ਬਣੀ ਚਾਈਨਾ ਡੋਰ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਦਿਆਂ ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਤੇ ਚਾਈਨਾ ਡੋਰ ਵੇਚਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਪਾਸੋਂ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਸਨਿੱਚਰਵਾਰ ਨੂੰ ਸੁਨਾਮ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਥਾਣਾ ਸ਼ਹਿਰੀ ਸੁਨਾਮ ਦੀ ਪੁਲਿਸ ਵੱਲੋਂ ਮਾਤਾ ਮੋਦੀ ਚੌਕ ਵਿਖੇ ਨਾਕਾ ਲਾਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਸ਼ਾਮ ਸਿੰਘ ਸਹਾਇਕ ਥਾਣੇਦਾਰ ਨੂੰ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਕਰਨੈਲ ਸਿੰਘ ਵਾਸੀ ਕੁਲਾਰ ਖੁਰਦ ਮੋਟਰਸਾਇਕਲ ਤੇ ਸਵਾਰ ਹੋਕੇ ਚਾਈਨਾ ਡੋਰ ਵੇਚਣ ਲਈ ਟਿੱਬੀ ਰਵਿਦਾਸਪੁਰਾ ਵੱਲ ਜਾਵੇਗਾ। ਇਸ ਤੋਂ ਬਾਅਦ ਯੋਜਨਾਬੰਦ ਨਾਕਾਬੰਦੀ ਕਰਦੇ ਹੋਏ ਥਾਣਾ ਸ਼ਹਿਰੀ ਸੁਨਾਮ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤੀਕ ਜਿੰਦਲ ਅਤੇ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਕਰਨੈਲ ਸਿੰਘ ਵਾਸੀ ਕੁਲਾਰ ਖੁਰਦ ਨੂੰ ਕਾਬੂ ਕਰਕੇ ਉਸ ਪਾਸੋ 25 ਗੁੱਟ ਚਾਈਨਾ ਡੋਰ ਸਮੇਤ ਚੋਰੀ ਸ਼ੁਦਾ ਮੋਟਰਸਾਇਕਲ ਕਾਬੂ ਕਰਕੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐਸ ਐਚ ਓ ਪ੍ਰਤੀਕ ਜਿੰਦਲ ਨੇ ਕਿਹਾ ਕਿ ਪਤੰਗ ਵਿਕਰੇਤਾ ਚਾਈਨਾ ਡੋਰ ਨਾ ਵੇਚਣ ਅਗਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਅਤੇ ਜੋ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਪਤੰਗ ਉਡਾਉਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਉੱਚੀ ਆਵਾਜ਼ ਵਿੱਚ ਡੀਜੇ ਲਾਕੇ ਹੁੱਲੜਬਾਜ਼ੀ ਕਰਨ ਤੋਂ ਬਾਜ਼ ਆਉਣ ਨਹੀਂ ਤਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।