ਚੰਡੀਗੜ੍ਹ : ਪੂਰੇ ਦੇਸ਼ ਦੀ ਤਰ੍ਹਾਂ ਹੀ ਪੰਜਾਬ ਵਿਚ ਕੋਰੋਨਾ ਕਾਰਨ ਲੋਕਾਂ ਦਾ ਬੁਰਾ ਹਾਲ ਹੈ, ਸਰਕਾਰ ਜੋ ਕਰ ਸਕਦੀ ਹੈ ਕਰ ਰਹੀ ਹੈ, ਲੋਕ ਮਰ ਰਹੇ ਹਨ, ਕਿਸੇ ਨੂੰ ਹਸਪਤਾਲ ਵਿਚ ਥਾਂ ਨਹੀਂ ਮਿਲਦੀ ਕਿਸੇ ਨੂੰ ਵੈਂਟੀਲੇਟਰ। ਮਹਾਂਮਾਰੀ ਦਾ ਪ੍ਰਸਾਰ ਅਜੇ ਵੀ ਸ਼ਹਿਰਾਂ ਵਿੱਚ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਹੈ। ਸੂਬਾ ਸਰਕਾਰ ਵੱਲੋਂ ਇਸ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਹਿਰਾਂ ਵਿੱਚ ਹੋਈਆਂ ਮੌਤਾਂ ਵੀ ਪਿੰਡਾਂ ਨਾਲੋਂ ਵੱਧ ਹਨ।
ਸਟੇਟਸ ਰਿਪੋਰਟ ਜਿਸ ਵਿੱਚ ਕਿਹਾ ਗਿਆ ਹੈ ਕਿ ਮਈ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਪੰਜਾਬ ਦੇ ਸ਼ਹਿਰਾਂ ਵਿੱਚ 1834 ਵਿਅਕਤੀਆਂ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ ਜਦੋਂ ਕਿ 1254 ਵਿਅਕਤੀਆਂ ਦੀ ਮੌਤ ਪਿੰਡਾਂ ਵਿਚ ਹੋਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਕੇਸ ਦੀ ਸੁਣਵਾਈ ਕਰ ਰਿਹਾ ਹੈ। ਅਦਾਲਤ ਵਿੱਚ ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਵਿਡ ਲਈ ਸਹੂਲਤਾਂ ਅਤੇ ਇਸ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮ ’ਤੇ ਸੁਣਵਾਈ ਚਲ ਰਹੀ ਹੈ। ਰਿਪੋਰਟ ਦੀਆਂ ਹੋਰ ਮੁੱਖ ਗੱਲਾਂ ਇਹ ਹਨ:
ਮਈ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿੱਚ ਲਗਭਗ 7.7 ਲੱਖ ਕੋਵਿਡ ਦੇ ਸੈਂਪਲ ਲਏ ਗਏ ਅਤੇ ਪੇਂਡੂ ਇਲਾਕਿਆਂ ਵਿੱਚ ਲਗਭਗ 2.2 ਲੱਖ ਨਮੂਨੇ ਲਏ ਗਏ। ਸੂਬੇ ਦੇ ਸ਼ਹਿਰੀ ਇਲਾਕਿਆਂ ਵਿਚ ਤਕਰੀਬਨ 75,000 ਲੋਕ ਪੌਜ਼ੀਟਿਵ ਆਏ ਹਨ ਜਦਕਿ ਦਿਹਾਤੀ ਇਲਾਕਿਆਂ ਵਿੱਚ 31,000 ਤੋਂ ਵੱਧ ਵਿਅਕਤੀਆਂ ਦੇ ਟੈਸਟ ਪੌਜ਼ੀਟਿਵ ਆਏ।
ਸ਼ਹਿਰੀ ਇਲਾਕਿਆਂ ਵਿੱਚ ਪੌਜ਼ੀਟਿਵਿਟੀ ਦਰ 16 ਫ਼ੀਸਦੀ ਰਹੀ ਜੋ ਕਿ ਪੇਂਡੂ ਖੇਤਰਾਂ ਵਿੱਚ ਇਹ 9 .98 ਫ਼ੀਸਦ ਰਹੀ। ਇਸ ਸਮੇਂ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ 50,000 ਐਕਟਿਵ ਮਾਮਲੇ ਹਨ ਜਦੋਂ ਕਿ ਪੇਂਡੂ ਇਲਾਕਿਆਂ ਵਿੱਚ ਇਹ ਗਿਣਤੀ ਲਗਭਗ 20,000 ਹੈ। ਸ਼ਹਿਰੀ ਇਲਾਕਿਆਂ ਵਿੱਚੋਂ ਸਭ ਤੋਂ ਵੱਧ ਮੌਤਾਂ 517 ਲੁਧਿਆਣਾ ਵਿੱਚ ਹੋਈਆਂ। ਪੇਂਡੂ ਇਲਾਕਿਆਂ ਵਿੱਚੋਂ, ਸਭ ਤੋਂ ਵੱਧ ਮੌਤਾਂ 314 ਗੁਰਦਾਸਪੁਰ ਵਿੱਚ ਹੋਈਆਂ। ਪਠਾਨਕੋਟ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਭ ਤੋਂ ਘੱਟ ਮੌਤਾਂ ਹੋਈਆਂ ਹਨ, ਇੱਕ ਸ਼ਹਿਰ ਵਿੱਚ ਅਤੇ ਦੋ ਪੇਂਡੂ ਖੇਤਰ ਵਿੱਚ। ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਹੈ, ਸ਼ਹਿਰ ਵਿਚ 240 ਅਤੇ ਪੇਂਡੂ ਇਲਾਕਿਆਂ ਵਿਚ 249, ਪਰ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਪਠਾਨਕੋਟ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਸਿਰਫ਼ ਲਗਭਗ 1000-1000 ਟੈਸਟ ਹੀ ਕੀਤੇ ਗਏ ਸਨ।
ਸੂਬੇ ਵਿੱਚ 3316 ਆਈਸੀਯੂ ਦੇ ਬੈੱਡ ਹਨ ਜਦੋਂ ਕਿ 1421 ਵੈਂਟੀਲੇਟਰ ਹਨ। ਸੂਬੇ ਵਿੱਚ ਕੋਵਿਡ ਦੇ ਟੀਕੇ ਦੀ ਬਰਬਾਦੀ 4.17 ਪ੍ਰਤੀਸ਼ਤ ਹੈ। ਸਰਕਾਰ ਦਾਅਵਾ ਕਰਦੀ ਹੈ ਕਿ ਇਹ ਇਸ ਲਈ ਹੈ ਕਿਉਂਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਇੱਕ ਸ਼ੀਸ਼ੀ ਵਿੱਚ 10 ਖ਼ੁਰਾਕਾਂ ਹੁੰਦੀਆਂ ਹਨ ਅਤੇ ਸਾਰੀਆਂ ਖ਼ੁਰਾਕਾਂ ਦਾ ਚਾਰ ਘੰਟਿਆਂ ਵਿੱਚ ਨਿਪਟਾਰਾ ਕਰਨਾ ਪੈਂਦਾ ਹੈ। ਬਰਬਾਦੀ ਉਦੋਂ ਹੁੰਦੀ ਹੈ ਜਦੋਂ ਲੋੜੀਂਦੀ ਗਿਣਤੀ ਵਿੱਚ ਲੋਕ ਟੀਕਾਕਰਨ ਕੇਂਦਰਾਂ ਤੇ ਉਪਲਬਧ ਨਹੀਂ ਹੁੰਦੇ। ਵਾਇਰਸ ਦੇ ਫੈਲਣ ਨੂੰ ਰੋਕਣ ਦੇ ਨਜ਼ਰੀਏ ਨਾਲ, ਜਿਹੜੇ ਖੇਤਰ ਵਿੱਚ 15 ਜਾਂ ਵਧੇਰੇ ਕੋਵਿਡ ਦੇ ਮਾਮਲੇ ਆਉਂਦੇ ਹਨ ਉਸ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਜਾਂਦਾ ਹੈ। 5-14 ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਕਿਸੇ ਵੀ ਖੇਤਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਜਾਂਦਾ ਹੈ। ਇਨ੍ਹਾਂ ਜ਼ੋਨਾਂ ਵਿੱਚ ਸਖ਼ਤ ਕੰਟ੍ਰੋਲ ਲਾਗੂ ਕੀਤਾ ਜਾਂਦਾ ਹੈ ਅਤੇ ਸਿਰਫ਼ ਜ਼ਰੂਰੀ ਕੰਮਾਂ ਦੀ ਆਗਿਆ ਹੁੰਦੀ ਹੈ।
ਰਾਜ ਵਿੱਚ 68 ਕੰਟੇਨਮੈਂਟ ਜ਼ੋਨ ਅਤੇ 157 ਮਾਈਕਰੋ ਕੰਟੇਨਮੈਂਟ ਜ਼ੋਨ ਹਨ। ਇਸ ਵਿੱਚੋਂ ਕੁਲ 46 ਕੰਟੇਨਮੈਂਟ ਜ਼ੋਨ ਸ਼ਹਿਰੀ ਖੇਤਰਾਂ ਵਿੱਚ ਅਤੇ 22 ਪੇਂਡੂ ਖੇਤਰਾਂ ਵਿੱਚ ਸਥਿਤ ਹਨ। ਇਸੇ ਤਰਾਂ 114 ਮਾਈਕਰੋ ਕੰਟੇਨਮੈਂਟ ਜ਼ੋਨ ਸ਼ਹਿਰੀ ਖੇਤਰਾਂ ਵਿੱਚ ਹਨ ਜਦੋਂ ਕਿ 43 ਪੇਂਡੂ ਖੇਤਰਾਂ ਵਿੱਚ ਹਨ।