ਸੁਨਾਮ : ਕਰਜ਼ੇ ਕਾਰਨ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਗਰੀਬ ਪਰਿਵਾਰ ਦੇ ਘਰ ਦੀ ਕੁਰਕੀ ਰੋਕਣ ਲਈ ਸੋਮਵਾਰ ਨੂੰ ਸੁਨਾਮ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨਾ ਨੇ ਕਿਸਾਨ ਆਗੂ ਯਾਦਵਿੰਦਰ ਸਿੰਘ ਚੱਠਾ ਦੀ ਅਗਵਾਈ ਹੇਠ ਧਰਨਾ ਦਿੱਤਾ ਇਸ ਕਰਕੇ ਬੈਂਕ ਅਧਿਕਾਰੀਆਂ ਨੂੰ ਬੇਰੰਗ ਪਰਤਣਾ ਪਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਹਿਰ ਦੀ ਚੰਦੜ੍ਹ ਕਾਲੋਨੀ ਵਿੱਚ ਰਹਿੰਦੇ ਇੱਕ ਗ਼ਰੀਬ ਪਰਿਵਾਰ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ਾ ਲਿਆ ਸੀ ਪਰੰਤੂ ਪਰਿਵਾਰ ਦੀ ਆਰਥਿਕ ਤੰਗੀ ਕਾਰਨ ਉਹ ਕਰਜ਼ਾ ਮੋੜਨ ਤੋਂ ਅਸਮਰਥ ਹੈ ਰਹਿੰਦਾ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਬੈਂਕ ਦੇ ਅਧਿਕਾਰੀ ਮਕਾਨ ਦੀ ਕੁਰਕੀ ਕਰਨ ਆਏ ਸੀ ਲੇਕਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਿਰੋਧ ਕਾਰਨ ਬੈਂਕ ਅਧਿਕਾਰੀਆਂ ਨੂੰ ਕੁਰਕੀ ਕਰਨ ਦੀ ਬਜਾਏ ਵਾਪਸ ਪਰਤਣਾ ਪਿਆ। ਉਨ੍ਹਾਂ ਆਖਿਆ ਕਿ ਆਰਥਿਕਤਾ ਦੇ ਝੰਬੇ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਕਰਜ਼ਾ ਮੋੜਨ ਵਿੱਚ ਅਸਮਰਥ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੇ ਘਰਾਂ ਦੀ ਕੁਰਕੀ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ਗੁਰਜੰਟ ਸਿੰਘ ਮੈਦੇਵਾਸ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਕਿਸਾਨ ਆਗੂ ਹਾਜ਼ਰ ਸਨ।