ਨਵੀਂ ਦਿੱਲੀ : ਕਿਸਾਨ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕੋਵਿਡ ਦੇ ਨਾਂ 'ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਕੇ ਕਿਸਾਨਾਂ ਨੂੰ ਉੱਥੋਂ ਉਠਾ ਦਿੱਤਾ ਜਾਵੇਗਾ ਤਾਂ ਇਹ ਉਨ੍ਹਾਂ ਦੀ ਗਲਤਫ਼ਹਿਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਕਿਸਾਨ ਅੰਦੋਲਨ 'ਚ ਬੈਠੇ ਹਨ ਉਨ੍ਹਾਂ ਦਾ ਕੋਵਿਡ ਤੋਂ ਜਿਸ ਤਰ੍ਹਾਂ ਦਾ ਬਚਾਅ ਕਿਸਾਨ ਅੰਦੋਲਨ ਦੌਰਾਨ ਕੀਤਾ ਜਾਾ ਰਿਹਾ ਹੈ, ਉਸ ਤਰ੍ਹਾਂ ਦੇ ਪ੍ਰਬੰਧ ਪੂਰੇ ਦੇਸ਼ 'ਚ ਕਿਤੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਤੋਂ ਮਨਜ਼ੂਰੀ ਲੈ ਕੇ 10 ਆਕਸੀਜਨ ਸਿਲੰਡਰ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਧੱਕੇ ਨਾਲ ਲੱਖਾਂ ਰੁਪਏ ਦਾ ਕਾੜ੍ਹਾ ਅੰਦੋਲਨਕਾਰੀ ਕਿਸਾਨਾਂ ਨੂੰ ਪਿਲਾ ਰਹੇ ਹਾਂ ਅਤੇ ਰੋਜ਼ਾਨਾ ਲੱਖਾਂ ਰੁਪਏ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਬਜ਼ੁਰਗਾਂ ਨੂੰ ਹਫ਼ਤਾਵਾਰ ਵਿਟਾਮਿਨ-ਸੀ ਦਿੱਤਾ ਜਾ ਰਿਹਾ ਹੈ ਅਤੇ ਸਭ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਹਰ ਲੰਗਰ 'ਚ ਰੋਜ਼ਾਨਾ ਕਾੜ੍ਹਾ ਤਿਆਰ ਕਰਕੇ ਸਭ ਨੂੰ ਆਵਾਜ਼ਾਂ ਮਾਰ ਕੇ ਪਿਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਲੋਕਾਂ ਦੇ ਬਚਾਅ ਦੇ ਸਾਧਨ ਸਰਕਾਰ ਵੱਲੋਂ ਕਿਤੇ ਵੀ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਦੀ ਹਮਦਰਦੀ ਇਸ ਅੰਦੋਲਨ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਨਹੀਂ, ਸਗੋਂ ਲੋਕਾਂ ਦਾ ਅੰਦੋਲਨ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਉਠਾਉਣ ਵਰਗੀ ਕੋਈ ਭੁੱਲ ਕੀਤੀ ਜਾਂ ਉਸ ਦੇ ਨਤੀਜੇ ਬਹੁਤ ਮਾੜੇ ਨਿਕਲਣਗੇ।