ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ। ਸੂਬੇ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀਆਂ ਨੀਤੀਆਂ ਲਾਗੂ ਕਰਨ ਤੋਂ ਪਿੱਛੇ ਹਟੇ। ਸਨਿੱਚਰਵਾਰ ਨੂੰ ਸੁਨਾਮ ਨੇੜਲੇ ਪਿੰਡ ਨਮੋਲ ਦੇ ਗੁਰਦੁਆਰਾ ਨਾਨਕਪੁਰੀ ਸਾਹਿਬ ਵਿਖੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ 12 ਫਰਵਰੀ ਨੂੰ ਖਨੌਰੀ ਵਿਖੇ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਕੇਂਦਰ ਅਤੇ ਸੂਬਾ ਸਰਕਾਰ ਦੇ ਭਰਮ ਭੁਲੇਖਿਆਂ ਨੂੰ ਦੂਰ ਕਰ ਦੇਵੇਗੀ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਾਰੀਆਂ ਧਿਰਾਂ ਇੱਕਜੁੱਟ ਹੋ ਕੇ ਲੜਾਈ ਲੜਣ ਤੋਂ ਗ਼ੁਰੇਜ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨਿਭਾਉਣ ਅਤੇ ਲੋਕਾਂ ਨੂੰ ਲੁੱਟਣ ਲਈ ਹਰ ਇੱਕ ਹੀਲਾ ਵਸੀਲਾ ਵਰਤਿਆ ਜਾਂਦਾ ਹੈ। ਨਮੋਲ ਪਿੰਡ ਦੇ ਖੇਤਾਂ ਚੋਂ ਇੱਕ ਪੈਟਰੋਲੀਅਮ ਕੰਪਨੀ ਵੱਲੋਂ ਸੰਗਰੂਰ ਤੋ ਬਠਿੰਡਾ ਤੱਕ ਪਾਈਪ ਲਾਈਨ ਕੱਢੀ ਜਾ ਰਹੀ ਹੈ ਜਿਸ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਜਮੀਨ ਅਤੇ ਫ਼ਸਲ ਦਾ ਢੁਕਵਾਂ ਮੁਆਵਜ਼ਾ ਦਿੱਤੇ ਬਿਨਾਂ ਹੀ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਤੇ ਖੜੀ ਕਣਕ ਦੀ ਫ਼ਸਲ 'ਚ ਧੱਕੇ ਨਾਲ ਕਬਜ਼ਾ ਕਰਨ ਦੀਆਂ ਸੂਬੇ ਦੀ ਸਰਕਾਰ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਕੰਪਨੀ ਦੇ ਅਧਿਕਾਰੀ ਪੁਲਿਸ ਦੀ ਵੱਡੀ ਗਿਣਤੀ ਨਫ਼ਰੀ ਨਾਲ ਕਿਸਾਨਾਂ ਦੀ ਖੜੀ ਫ਼ਸਲ ਵਿੱਚ ਜੇ ਸੀ ਬੀ ਮਸ਼ੀਨ ਨਾਲ ਮਿੱਟੀ ਪੱਟਣੀ ਸੁਰੂ ਕਰ ਦਿੰਦਾ ਹੈ। ਜਦੋਂ ਇਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆ ਨੂੰ ਲੱਗੀ ਤਾਂ ਉਨ੍ਹਾਂ ਨੇ ਪਿੰਡ ਦੇ ਕਿਸਾਨਾਂ ਨੌਜਵਾਨਾਂ ਨਾਲ ਮੌਕੇ ਤੇ ਪਹੁੰਚ ਕੇ ਜੇ,ਸੀ,ਬੀ ਮਸ਼ੀਨਾਂ ਨੂੰ ਰੋਕਣਾ ਚਾਹਿਆ ਤਾਂ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਨਾਲ ਕਥਿਤ ਤੌਰ ਤੇ ਬਦਸਲੂਕੀ ਤੇ ਧੱਕੇਸ਼ਾਹੀ ਕੀਤੀ ਗਈ ਪਰ ਕਿਸਾਨਾਂ ਵੱਲੋਂ ਜਬਰ ਦਾ ਜਵਾਬ ਸਬਰ ਨਾਲ ਦਿੱਤਾ ਗਿਆ ਤੇ ਪ੍ਰਸਾਸਨ ਨੂੰ ਵਾਪਸ ਮੁੜਨਾ ਪਿਆ। ਇਸ ਮੌਕੇ ਕੇਵਲ ਸਿੰਘ ਜਵੰਧਾ, ਕਰਮ ਸਿੰਘ, ਗੁਰਚਰਨ ਸਿੰਘ, ਦੇਵ ਸਿੰਘ ਖਡਿਆਲ, ਮਦਨ ਦਾਸ ਮਹਿਲਾਂ, ਮਲਕੀਤ ਸਿੰਘ ਗੰਢੂਆਂ, ਕੁਲਦੀਪ ਸਿੰਘ, ਦਲੇਲ ਸਿੰਘ ਚੱਠਾ, ਕਸ਼ਮੀਰ ਸਿੰਘ ਉਗਰਾਹਾਂ, ਕ੍ਰਿਸ਼ਨ ਸਿੰਘ, ਜਗਸੀਰ ਸਿੰਘ ਨਾਗਰਾ, ਦਰਸ਼ਨ ਸਿੰਘ ਛਾਜਲਾ, ਗੁਰਤੇਜ ਸਿੰਘ ਨੀਲੋਵਾਲ, ਭੋਲਾ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ ਸ਼ੇਰੋਂ, ਕ੍ਰਿਸ਼ਨ ਦਾਸ ਮੈਦੇਵਾਸ, ਮਾਮ ਸਿੰਘ ਜਵੰਧਾ ਆਦਿ ਹਾਜ਼ਰ ਸਨ।