ਅੰਮ੍ਰਿਤਸਰ : ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਰਨ ਤਾਰਨ ਰੋਡ ਦੇ ਪਿੰਡ ਚੱਬਾ ਵਿਖੇ ਸਥਿਤ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਦੀ ਅਗਵਾਈ ਵਿੱਚ ਬੜੀ ਸ਼ਰਧਾ, ਧੂਮ ਧਾਮ ਅਤੇ ਖ਼ਾਲਸਾਈ ਚੜ੍ਹਦੀਕਲਾ ਦੇ ਵਿਚ ਮਨਾਇਆ ਗਿਆ। ਇਸ ਮੌਕੇ ਸਿੰਘ ਸਾਹਿਬਾਨ, ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ,ਮਿਸਲ ਸ਼ਹੀਦਾਂ ਤਰਨਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ ਅਤੇ ਭਾਰੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਸਮੂਹ ਸ਼ਹੀਦਾਂ ਮੁਰੀਦਾਂ ਨੂੰ ਸਿੱਜਦਾ ਕੀਤਾ।
ਤਖ਼ਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਾਰ ਅਤੇ ਸਿੱਖ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਭੂਮਿਕਾ ਅਤੇ ਯੋਗਦਾਨ 'ਤੇ ਰੌਸ਼ਨੀ ਪਾਈ ਅਤੇ ਕਿਹਾ ਕਿ ਸੀਸ ਤਲੀ ਉੱਤੇ ਰੱਖ ਕੇ ਜ਼ਾਲਮਾਂ ਦੇ ਛੱਕੇ ਛੁਡਾਉਣ ਦਾ ਮਹਾਨ ਕਾਰਜ ਕੇਵਲ ਬਾਬਾ ਦੀਪ ਸਿੰਘ ਜੀ ਦੇ ਹਿੱਸੇ ਆਇਆ। ਉਨ੍ਹਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵੱਲੋਂ ਸ਼ਹੀਦੀ ਅਸਥਾਨ ’ਤੇ ਚੱਲ ਰਹੀਆਂ ਸੇਵਾਵਾਂ ਅਤੇ ਪੰਥ ਦੀ ਚੜ੍ਹਦੀਕਲਾ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖੀ ’ਚ ਸਭ ਦਾ ਸਤਿਕਾਰ ਹੈ, ਪਰ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਗਲੇ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ’ਤੇ ਆਉਣ ਵਾਲੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਅਤੇ ਟਰੈਕਟਰ ਮੋਟਰਸਾਈਕਲ ਸਟੰਟ ਤੋਂ ਬਚਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਕੇ ਕੌਮੀ ਸਰੋਕਾਰਾਂ ਪ੍ਰਤੀ ਜਾਗਰੂਕ ਹੋਣ ਲਈ ਕਿਹਾ।
ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਨੇ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਤੇ ਨਾਮ ਜਪਣ ’ਤੇ ਜ਼ੋਰ ਦਿੱਤਾ।
ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ ਨੇ ਸਿੱਖੀ ਸਿਧਾਂਤਾਂ ਉੱਤੇ ਸਿੱਧੇ ਅਸਿੱਧੇ ਤੌਰ 'ਤੇ ਮਾਰੀਆਂ ਜਾ ਰਹੀਆਂ ਸੱਟਾਂ ਬਾਰੇ ਸੁਚੇਤ ਕਰਦਿਆਂ ਸਮੁੱਚੀ ਕੌਮ ਨੂੰ ਇੱਕਜੁੱਟ ਹੋਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਅੱਜ ਪੰਥ ਦੋਖੀਆਂ ਦੇ ਲੁਕਵੇਂ ਏਜੰਡੇ ਪ੍ਰਤੀ ਕੌਮ ਨਾ ਜਾਗਿਆ ਤਾਂ ਭਵਿੱਖ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ।
ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਨੇ ਬਾਬਾ ਦੀਪ ਸਿੰਘ ਵੱਲੋਂ ਪੰਥ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਸੀਸ ਧੜ ਨਾਲੋਂ ਜੁਦਾ ਹੋਣ ’ਤੇ ਵੀ ਤਲੀ ’ਤੇ ਰੱਖ ਕੇ ਗੁਰੂ ਨਾਲ ਕੀਤੇ ਪ੍ਰਣ ਨਿਭਾਉਣ ਦੀ ਗਲ ਕੀਤੀ। ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸ਼ਹੀਦੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਨੇ ਆਈਆਂ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਤੋਂ ਅਨੇਕਾਂ ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਹਨ। ਭਾਈ ਸੂਰਤਾ ਸਿੰਘ ਨੇ ਸਟੇਜ ਸੈਕਟਰੀ ਵਜੋਂ ਬਾਖ਼ੂਬੀ ਸੇਵਾ ਨਿਭਾਈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ, ਸੰਤ ਅਮਨਦੀਪ ਸਿੰਘ ਮੁਖੀ ਟਕਸਾਲ ਭਾਈ ਮਨੀ ਸਿੰਘ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਬਲਬੀਰ ਸਿੰਘ ਫਰਾਸ, ਗਿਆਨੀ ਪ੍ਰੇਮ ਸਿੰਘ ਅਰਦਾਸੀਆ, ਭਾਈ ਕਸ਼ਮੀਰ ਸਿੰਘ ਪ੍ਰਧਾਨ ਟਾਹਲਾ ਸਾਹਿਬ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ,ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਹਰਵਿੰਦਰ ਸਿੰਘ ਝਾੜ ਸਾਹਿਬ, ਹਰਭਜਨ ਸਿੰਘ ਈ ਟੀ ਉ, ਸੰਤ ਬਾਬਾ ਗੁਰਦੇਵ ਸਿੰਘ ਕੁਲੀ ਵਾਲੇ, ਕਥਾਵਾਚਕ ਗਿਆਨੀ ਗੁਰਵਿੰਦਰ ਸਿੰਘ, ਸੰਤ ਇੰਦਰਬੀਰ ਸਿੰਘ ਸਤਲਾਨੀ ਸਾਹਿਬ, ਸੰਤ ਮੋਹਨ ਦਾਸ ਮਾੜੀਕੰਮੋਕੇ, ਬਾਬਾ ਰਜਿੰਦਰਪਾਲ ਸਿੰਘ ਮਾਲੂਵਾਲ, ਬਾਬਾ ਗੁਰਵਿੰਦਰ ਸਿੰਘ ਝੂਲਦੇ ਮਹਿਲ, ਭਾਈ ਵਰਿਆਮ ਸਿੰਘ ਭਰਾਤਾ ਭਾਈ ਸ਼ਹੀਦ ਭਾਈ ਸਤਵੰਤ ਸਿੰਘ,ਬਾਬਾ ਬਾਊ ਸਿੰਘ, ਬਾਬਾ ਬੁੱਧ ਸਿੰਘ ਘੁੰਮਣਾ ਵਾਲੇ, ਰਾਮ ਸਿੰਘ ਸਰਪੰਚ ਗੁਰੂਵਾਲੀ, ਗਿਆਨੀ ਵਿਸ਼ਾਲ ਸਿੰਘ ਕਥਾਵਾਚਕ, ਜਥੇਦਾਰ ਜਗੀਰ ਸਿੰਘ, ਭਾਈ ਸੁਰਿੰਦਰ ਪਾਲ ਸਿੰਘ, ਕਿਸਾਨ ਆਗੂ ਦਵਿੰਦਰ ਸਿੰਘ, ਕਿਸ਼ਨ ਸਿੰਘ, ਬਾਬਾ ਨੰਦ ਸਿੰਘ ਮੰਡਾ ਪਿੰਡ, ਸੰਤ ਪ੍ਰੀਤਮ ਸਿੰਘ ਡਮੇਲੀ ਵਾਲੇ, ਢਾਡੀ ਭਾਈ ਮੇਜਰ ਸਿੰਘ ਖ਼ਾਲਸਾ, ਗਿਆਨੀ ਹੀਰਾ ਸਿੰਘ, ਭਾਈ ਹਰਵਿੰਦਰ ਪਾਲ ਸਿੰਘ ਲਿਟਲ, ਭਾਈ ਜਸਕਰਨ ਸਿੰਘ ਹਜ਼ੂਰੀ ਰਾਗੀ, ਜਸਵੰਤ ਸਿੰਘ ਸੋਢੀ ਆਸਲਾਂ ਵਾਲੇ,ਨਿਰਮਲ ਸਿੰਘ, ਦਿਲਬਾਗ ਸਿੰਘ, ਸੰਤ ਪ੍ਰਿਤਪਾਲ ਸਿੰਘ, ਪ੍ਰੋ. ਸਰਚਾਂਦ ਸਿੰਘ ਖਿਆਲਾ, ਸ਼ਮਸ਼ੇਰ ਸਿੰਘ, ਮੈਨੇਜਰ ਰਣਦੀਪ ਸਿੰਘ ਟਾਹਲਾ ਸਾਹਿਬ, ਗਿਆਨੀ ਮਨਜੀਤ ਸਿੰਘ, ਮਹੰਤ ਭਾਈ ਅਮਰਦੀਪ ਸਿੰਘ ਆਦਿ ਮੌਜੂਦ ਸਨ।