ਸੁਨਾਮ : ਸੁਨਾਮ ਬਲਾਕ ਦੇ ਪਿੰਡ ਨਮੋਲ ਦੇ ਖੇਤਾਂ ਵਿੱਚੋਂ ਦੀ ਇੱਕ ਕੰਪਨੀ ਵੱਲੋਂ ਤੇਲ ਪਾਈਪ ਲਾਈਨ ਪਾਉਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਵੀਰਵਾਰ ਨੂੰ ਪਿੰਡ ਵਿੱਚ ਰੋਸ ਪ੍ਰਦਰਸ਼ਨ ਕਰਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਰਥੀ ਫੂਕੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਦੀ ਸ਼ਹਿ ਤੇ ਪ੍ਰਸ਼ਾਸਨ ਜ਼ਬਰੀ ਪਾਈਪ ਲਾਈਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਹੈਪੀ ਨਮੋਲ, ਸਰੂਪ ਚੰਦ ਕਿਲਾ ਭਰੀਆਂ ਅਤੇ ਇਨਕਲਾਬੀ ਜਮਹੂਰੀ ਮੋਰਚਾ ਦੇ ਆਗੂ ਜਗਸੀਰ ਨਮੋਲ ਨੇ ਕਿਹਾ ਕਿ ਪ੍ਰਸ਼ਾਸਨ ਕੈਬਿਨਟ ਮੰਤਰੀ ਅਮਨ ਅਰੋੜਾ ਦੀ ਕਥਿਤ ਸ਼ਹਿ ਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਇੱਕ ਕੰਪਨੀ ਦੀ ਖੇਤਾਂ ਵਿੱਚ ਜ਼ਬਰਦਸਤੀ ਤੇਲ ਪਾਈਪ ਲਾਈਨ ਪਵਾ ਰਿਹਾ ਹੈ ਅਜਿਹਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਵਿੱਚ ਜੇਸੀਬੀ ਮਸ਼ੀਨਾਂ ਚਲਾਈਆਂ ਗਈਆਂ, ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਫਸਲਾਂ ਵਿਚੋਂ ਦੀ ਭੱਜਣ ਲਈ ਮਜ਼ਬੂਰ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੰਪਨੀ ਕਿਸਾਨਾਂ ਨੂੰ ਮਾਰਕੀਟ ਰੇਟ ਮੁਤਾਬਕ ਮੁਆਵਜ਼ਾ ਨਹੀ ਦਿੰਦੀ ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂ ਹੈਪੀ ਨਮੋਲ ਨੇ ਦੱਸਿਆ 14 ਫਰਵਰੀ ਨੂੰ ਲੌਂਗੋਵਾਲ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਕੈਬਿਨਟ ਮੰਤਰੀ ਅਮਨ ਅਰੋੜਾ ਦੀ ਅਰਥੀ ਫੂਕੀ ਜਾਵੇਗੀ ਅਤੇ ਅਗਲੇ ਦਿਨ ਪਿੰਡ ਕਿਲ੍ਹਾ ਭਰੀਆਂ ਵਿੱਚ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਅਮਰ ਸਿੰਘ ਲੌਂਗੋਵਾਲ, ਗੁਰਚਰਨ ਸਿੰਘ ਬਿਗੜਵਾਲ, ਸੁਖਦੇਵ ਸਿੰਘ ਕਿਲਾ ਭਰੀਆਂ, ਭੋਲਾ ਸਿੰਘ,ਲਾਲੀ ਢਿੱਲੋਂ, ਮਿੱਠਾ ਨਮੋਲ,ਪਿੰਕੀ, ਰੁਮਾਲਾ ਸਿੰਘ, ਅਮਰੀਕ ਸਿੰਘ, ਬੀਰ ਸਿੰਘ, ਜੱਗਰ ਫੌਜੀ, ਲੀਲਾ ਸਿੰਘ, ਦੇਵ ਕਾਮਰੇਡ, ਗੀਤਕਾਰ ਬਿੱਲੂ ਕਾਮਰੇਡ, ਮੀਤਾ ਰੋਮਾਣਾ, ਗੁਰਚਰਨ ਸਿੰਘ ਪ੍ਰਧਾਨ, ਨਿਰਭੈ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।