ਸੁਨਾਮ : ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਪਿੰਡ ਨਮੋਲ ਦੇ ਖੇਤਾਂ ਵਿੱਚੋਂ ਦੀ ਇੱਕ ਤੇਲ ਕੰਪਨੀ ਵੱਲੋਂ ਪਾਈ ਜਾ ਰਹੀ ਪਾਈਪ ਲਾਈਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਲੌਂਗੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਰਥੀ ਫੂਕੀ। ਵੀਰਵਾਰ ਨੂੰ ਨਮੋਲ ਵਿਖੇ ਫੂਕੀ ਗਈ ਸੀ ਅਰਥੀ। ਕਿਸਾਨਾਂ ਨੇ ਪਹਿਲਾਂ ਕਸਬੇ ਦੇ ਬਜ਼ਾਰਾਂ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ, ਹੈਪੀ ਨਮੋਲ ਅਤੇ ਸਤਗੁਰ ਸਿੰਘ ਨਮੋਲ ਨੇ ਕਿਹਾ ਕਿ ਇੱਕ ਕੰਪਨੀ ਤੇਲ ਦੀ ਸਪਲਾਈ ਲਈ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਖੇਤਾਂ ਵਿੱਚ ਜ਼ਮੀਨਦੋਜ਼ ਪਾਈਪਾਂ ਪਾ ਰਹੀ ਹੈ ਜਿਸ ਵਿੱਚ ਨਮੋਲ ਦੇ 32 ਅਤੇ ਸ਼ੇਰੋਂ ਦੇ ਦੋ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਕਿਸਾਨਾਂ ਦੇ ਪੱਖ ਦੀ ਗੱਲ ਨਾ ਕਰਕੇ ਤੇਲ ਕੰਪਨੀ ਦੇ ਅਧਿਕਾਰੀਆਂ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਸ਼ਹਿ ਤੇ ਜ਼ਬਰਦਸਤੀ ਪਾਈਪ ਲਾਈਨ ਪਵਾਈ ਜਾ ਰਹੀ ਹੈ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ। ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਉਹ ਮੁਆਵਜ਼ੇ ਨੂੰ ਲੈਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਅਸਲ ਸਚਾਈ ਹੋਰ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋ ਟੁੱਕ ਕਿਹਾ ਕਿ ਵਾਜਬ ਮੁਆਵਜ਼ੇ ਤੋਂ ਬਗੈਰ ਤੇਲ ਪਾਈਪ ਲਾਈਨ ਨਹੀਂ ਪਾਉਣ ਦਿੱਤੀ ਜਾਵੇਗੀ।ਇਸ ਮੌਕੇ ਜਗਸੀਰ ਨਮੋਲ ਇਨਕਲਾਬੀ ਜਮਹੂਰੀ ਮੋਰਚਾ ਪੰਜਾਬ,ਅਮਰ ਲੌਂਗੋਵਾਲ, ਸਰੂਪ ਚੰਦ ਕਿਲ੍ਹਾ ਭਰਿਆ, ਸੀਨੀਅਰ ਆਗੂ ਜਸਵੀਰ ਸਿੰਘ ਮੈਦੇਵਾਸ, ਸੁਖਦੇਵ ਸਿੰਘ, ਅਮਰੀਕ ਸਿੰਘ, ਬੀਰ ਸਿੰਘ, ਜੱਗਰ ਫੌਜੀ, ਗੁਰਚਰਨ ਸਿੰਘ ਪ੍ਰਧਾਨ, ਕਿਸਾਨ ਬੀਬੀਆਂ ਲਾਭ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਹਮੀਰ ਕੌਰ, ਅੰਗਰੇਜ਼ ਕੌਰ ਆਦਿ ਹਾਜ਼ਰ ਸਨ।