ਬੱਚਿਆਂ ਨੂੰ ਸਿਗਰਟ ਜਾਂ ਤੰਬਾਕੂ ਵੇਚਣ ਵਾਲਿਆਂ ਵਿਰੁੱਧ ਕੋਟਪਾ ਤਹਿਤ ਕਾਰਵਾਈ ਕਰਨ ਦੇ ਆਦੇਸ਼
ਫ਼ਤਹਿਗੜ੍ਹ ਸਾਹਿਬ : ਬੱਚਿਆਂ ਵਿੱਚ ਦਿਨੋ ਦਿਨ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਮੁੱਖ ਲੋੜ ਹੈ ਕਿਉਂਕਿ ਜੇਕਰ ਨਸ਼ਿਆਂ ਦੇ ਇਸ ਰੁਝਾਨ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਜਾਇਜ ਤਸਕਰੀ ਦੀ ਰੋਕਥਾਮ ਸਬੰਧੀ ਜੁਆਂਇਟ ਐਕਸ਼ਨ ਪਲਾਨ ਅਧੀਨ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸ਼ਰਾਬ ਜਾਂ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਰ ਤੇ ਆਬਕਾਰੀ ਵਿਭਾਗ ਅਤੇ ਜ਼ਿਲ੍ਾ ਡਰੱਗ ਕੰਟਰੋਲ ਸੈਲ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਹੜੀਆਂ ਦੁਕਾਨਾਂ ਤੇ ਸ਼ਰਾਬ ਜਾਂ ਡਰੱਗ ਐਕਸ, ਐੱਚ ਤੇ ਐੱਚ-1 ਦੀ ਵਿਕਰੀ ਹੁੰਦੀ ਹੈ ਉਹਨਾਂ ਦੁਕਾਨਾਂ ਤੇ ਤੁਰੰਤ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਇਹ ਗੱਲ ਸੁਨਿਸ਼ਚਿਤ ਕੀਤੀ ਜਾਵੇ ਕਿ ਉਹਨਾਂ ਦੁਕਾਨਾਂ ਤੇ ਬੱਚਿਆਂ ਨੂੰ ਕਿਸੇ ਕਿਸਮ ਦੇ ਨਸ਼ੇ ਵਿਕਰੀ ਨਹੀਂ ਕੀਤੀ ਜਾ ਰਹੀ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਦੁਕਾਨਾਂ ਤੇ ਬੱਚਿਆਂ ਨੂੰ ਸਿਗਰੇਟ ਜਾਂ ਤੰਬਾਕੂ ਵੇਚਿਆ ਜਾਂਦਾ ਹੈ ਉਹਨਾਂ ਦੁਕਾਨਦਾਰਾਂ ਦੇ ਕੋਟਪਾ ਐਕਟ -2003 ਅਧੀਨ ਵੱਧ ਤੋਂ ਵੱਧ ਚਲਾਨ ਕੀਤੇ ਜਾਣ।
ਡਾ. ਸੋਨਾ ਥਿੰਦ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਮੂਹ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਕੂਲਾਂ ਦੇ 100 ਮੀਟਰ ਘੇਰੇ ਵਿੱਚ ਸਿਗਰਟ ਜਾਂ ਤੰਬਾਕੂ ਦੀ ਦੁਕਾਨ ਨਾ ਹੋਵੇ । ਉਹਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਤੇ ਕਿ ਬੱਚਿਆਂ ਨੂੰ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਜੁਵੇਨਾਈਲ ਜਸਟਿਸ ਐਕਟ 2015 ਦੀ ਧਾਰਾ 77 ਅਤੇ 78 ਅਨੁਸਾਰ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।
ਇਸ ਮੌਕੇ ਜਿਹਦਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ, ਡਰੱਗਜ਼ ਇੰਸਪੈਕਟਰ ਸੁਖਵੀਰ ਚੰਦ , ਜਿਲ੍ਹਾ ਸਿੱਖਿਆ ਅਫਸਰ (ਐਲੀ.) ਸ਼ਮਸ਼ੇਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰੀਤਾ, ਰਮਨਦੀਪ ਕੌਰ ਐਸ.ਐਚ.ਓ ਵੂਮੇਨ ਸੈਲ, ਨੇਹਾ ਸਿੰਗਲਾ ਸੁਰੱਖਿਆ ਅਫਸਰ (ਐਨ.ਆਈ.ਸੀ), ਜਸਵੰਤ ਕੌਰ ਏ.ਐਸ.ਆਈ., ਹਰਸਿਮਰਨ ਸਿੰਘ ਐਕਸਾਈਜ਼ ਵਿਭਾਗ, ਦਫਤਰ ਜਿਲ੍ਹਾ ਭਲਾਈ ਦਫਤਰ ਤੋਂ ਜਸਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਦੀਪਕ ਕੁਮਾਰ ਵੀ ਹਾਜ਼ਰ ਸਨ।
ਅਫਸਰ, ਹਾਜ਼ਰ ਸਨ।