ਨਵੀਂ ਦਿੱਲੀ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੇ 12ਵੀਂ ਜਮਾਤ ਦੇ ਇਮਤਿਹਾਨ ਕਰਾਉਣ ਦੇ ਮਸਲੇ ’ਤੇ ਅੱਜ ਹੋਈ ਉਚ ਪੱਧਰੀ ਬੈਠਕ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ। ਮੀਟਿੰਗ ਦੇ ਬਾਅਦ ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸੋਸ਼ਲ ਮੀਡੀਆ ਵਿਚ ਦਸਿਆ ਕਿ ਸਾਰੇ ਰਾਜਾਂ ਕੋਲੋਂ 25 ਮਈ ਤਕ ਤਜਵੀਜ਼ਾਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ 12ਵੀਂ ਜਮਾਤ ਦੇ ਇਮਤਿਹਾਨ ਬਾਰੇ ਛੇਤੀ ਹੀ ਫ਼ੈਸਲਾ ਹੋ ਜਾਵੇਗਾ। ਇਸ ਬਾਰੇ ਛੇਤੀ ਹੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਅਨਿਸ਼ਚਿਤਤਾ ਦੂਰ ਕੀਤੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਅਤੇ ਭਵਿੱਖ ਦੋਵੇਂ ਸਾਡੇ ਲਈ ਬਹੁਤ ਅਹਿਮ ਹਨ। ਰਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੰਤਰੀ ਤੇ ਅਫ਼ਸਰ ਮੌਜੂਦ ਸਨ। ਸਿਖਿਆ ਮੰਤਰੀ 1 ਜੂਨ ਨੂੰ ਸੀਬੀਐਸਈ ਨਾਲ ਫਿਰ ਬੈਠਕ ਕਰਨਗੇ। ਸੂਤਰਾਂ ਮੁਤਾਬਕ ਮੀਟਿੰਗ ਵਿਚ ਦੋ ਬਦਲ ਰੱਖੇ ਗਏ। ਕੁਝ ਮੀਡੀਆ ਰੀਪੋਰਟਾਂ ਮੁਤਾਬਕ 12ਵੀਂ ਦੀ ਪ੍ਰੀਖਿਆ ਹੋਵੇਗੀ। ਇਸ ਦੀਆਂ ਤਰੀਕਾਂ ਅਤੇ ਫ਼ਾਰਮੈਟ ਹਾਲੇ ਤੈਅ ਨਹੀਂ। 1 ਜੂਨ ਨੂੰ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ੈਸਲਾ ਬੋਰਡ ’ਤੇ ਹੀ ਛਡਿਆ ਜਾਵੇਗਾ।