ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਇਕ ਹੋਰ ਹਫ਼ਤੇ ਲਈ ਲਾਕਡਾਊਨ ਵਧਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਜੇ ਕੋਵਿਡ ਦੇ ਮਾਮਲਿਆਂ ਵਿਚ ਕਮੀ ਜਾਰੀ ਰਹਿੰਦੀ ਹੈ ਤਾਂ 31 ਮਈ ਤੋਂ ਪੜਾਅਵਾਰ ਢੰਗ ਨਾਲ ‘ਅਨਲਾਕ’ ਦੀ ਕਵਾਇਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਦਿੱਲੀ ਵਿਚ ਕਰੀਬ 1600 ਹੋਰ ਲੋਕ ਕੋਰੋਨਾ ਪੀੜਤ ਮਿਲੇ ਹਨ ਅਤੇ ਲਾਗ ਦੀ ਦਰ ਡਿੱਗ ਕੇ 2.5 ਫੀਸਦੀ ਰਹਿ ਗਈ ਹੈ। ਕੇਜਰੀਵਾਲ ਨੈ ਕਿਹਾ ਕਿ ਉਨ੍ਹਾਂ ਕਈ ਲੋਕਾਂ ਨਾਲ ਸਲਾਹ ਕੀਤੀ ਹੈ ਅਤੇ ਆਮ ਰਾਏ ਇਕ ਹੋਰ ਹਫ਼ਤੇ ਲਈ ਤਾਲਾਬੰਦੀ ਵਧਾਉਣ ਦੇ ਹੱਕ ਵਿਚ ਸੀ, ਇਸ ਲਈ ਦਿੱਲੀ ਸਰਕਾਰ ਨੇ 31 ਮਈ ਦੀ ਸਵੇਰ ਪੰਜ ਵਜੇ ਤਕ ਲਈ ਲਾਕਡਾਊਨ ਵਧਾਇਆ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਇਸ ਲਈ ਹੈ ਤਾਕਿ ਏਨੇ ਸੰਘਰਸ਼ ਦੇ ਬਾਅਦ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਗਵਾ ਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਕਰ ਰਹੇ ਹਨ ਕਿ ਟੀਕਾ ਨਿਰਮਾਤਾਵਾ ਨਾਲ ਗੱਲ ਕੀਤੀ ਜਾਵੇ ਅਤੇ ਦਿੱਲੀ ਵਿਚ ਟੀਕੇ ਉਪਲਭਧ ਹੋਣ।