ਛੱਤ ਲਾਈਟ ਪੁਆਇੰਟ ਤੋਂ ਗੋਪਾਲ ਸਵੀਟਸ ਰੋਡ ਤੱਕ ਦੀ ਤਜ਼ਵੀਜ਼ ਅੱਗੇ ਵਧੇਗੀ
ਰੇਲਵੇ ਇੰਜੀਨੀਅਰ ਜੇਐਲਪੀਐਲ ਕਰਾਸਿੰਗ ਨੂੰ ਦੋਹਰੀ-ਕੈਰੇਜਵੇਅ ਵਿੱਚ ਬਦਲਣ ਲਈ ਰਿਪੋਰਟ ਸੌਂਪਣਗੇ
ਡੀ ਸੀ ਆਸ਼ਿਕਾ ਜੈਨ ਨੇ ਸੀ ਏ ਗਮਾਡਾ ਅਤੇ ਐਮ ਸੀ ਕਮਿਸ਼ਨਰ ਨੂੰ ਮੋਹਾਲੀ ਦੀਆਂ ਸੜਕਾਂ ਨੂੰ ਯਾਤਰੀਆਂ ਦੇ ਅਨੁਕੂਲ ਬਣਾਉਣ ਲਈ ਅੰਦਰੂਨੀ ਪ੍ਰਗਤੀ ਦੀ ਨਿਯਮਤ ਤੌਰ 'ਤੇ ਸਮੀਖਿਆ ਕਰਨ ਦੀ ਅਪੀਲ ਕੀਤੀ
ਐਸ.ਏ.ਐਸ.ਨਗਰ : ਮੁਹਾਲੀ ਦੀਆਂ ਸੜਕਾਂ ਦੀ ਭੀੜ-ਭੜੱਕੇ ਨੂੰ ਦੂਰ ਕਰਨ ਸਬੰਧੀ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰਦਿਆਂ ਇਸ ਮਾਮਲੇ ਨੂੰ ਸਾਰਥਿਕ ਅੰਤ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁੱਖ ਪ੍ਰਸ਼ਾਸਕ, ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਮੁਨੀਸ਼ ਕੁਮਾਰ ਅਤੇ ਕਮਿਸ਼ਨਰ ਐਮਸੀ, ਮੁਹਾਲੀ, ਟੀ ਬੈਨੀਥ ਅਤੇ ਏਡੀਸੀ (ਯੂਡੀ) ਅਨਮੋਲ ਸਿੰਘ ਧਾਲੀਵਾਲ ਨਾਲ ਮੀਟਿੰਗ ਕਰਕੇ ਹੁਣ ਤੱਕ ਕੀਤੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਨੇ ਸੀਏ ਗਮਾਡਾ ਅਤੇ ਕਮਿਸ਼ਨਰ, ਐਮਸੀ ਮੁਹਾਲੀ ਨੂੰ ਅਪੀਲ ਕੀਤੀ ਕਿ ਉਹ ਮੁਹਾਲੀ ਦੀਆਂ ਸੜਕਾਂ ਨੂੰ ਯਾਤਰੀਆਂ ਦੇ ਅਨੁਕੂਲ ਬਣਾਉਣ ਲਈ ਆਪਣੇ ਸਬੰਧਤ ਵਿਭਾਗਾਂ ਨਾਲ ਸਬੰਧਤ ਪ੍ਰਗਤੀ ਦੀ ਨਿਯਮਿਤ ਸਮੀਖਿਆ ਕਰਨ।
ਰੀਵਿਊ ਮੀਟਿੰਗ ਦੌਰਾਨ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਦੀ ਟੀਮ ਨੇ ਦੱਸਿਆ ਕਿ ਸੈਕਟਰ 48/65 ਤੋਂ ਦਾਰਾ ਸਟੂਡੀਓ (49/64 ਤੋਂ 50-63) ਤੱਕ ਸੜਕ ਨੂੰ ਚੌੜਾ ਕਰਨ (ਸਿੰਗਲ ਤੋਂ ਦੋਹਰੀ ਕੈਰੇਜ-ਵੇਅ)ਦੇ ਗਮਾਡਾ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸ਼੍ਰੀ ਗੁਰਦੁਆਰਾ ਸਾਂਝਾ ਸਾਹਿਬ ਦੀ ਸੜਕ ਨੂੰ ਚੌੜਾ ਕਰਨ ਅਤੇ ਬਦਲਣ ਦਾ ਮੁੱਦਾ ਵਿਚਾਰ ਅਧੀਨ ਹੈ ਅਤੇ ਜਲਦੀ ਹੀ ਅੱਗੇ ਯੋਜਨਾ ਵਿਭਾਗ ਨੂੰ ਭੇਜਿਆ ਜਾਵੇਗਾ। ਯੂਟੀ ਦੀ ਟੀਮ ਨੇ ਕਿਹਾ ਕਿ ਯੂਟੀ ਖੇਤਰ ਵਿੱਚ ਇਸ ਸੜਕ ਨਾਲ ਸਬੰਧਤ ਕਾਨੂੰਨੀ ਮੁੱਦਿਆਂ ਨੂੰ ਹੱਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸੈਕਟਰ 43 ਬੱਸ ਸਟੈਂਡ ਤੋਂ ਮੁਹਾਲੀ ਨੂੰ ਆਉਣ ਵਾਲੀ ਸੜਕ ਨੂੰ ਜੋੜਨ ਵਾਲੀ ਪੀਆਰ 5 ਸੜਕ ਵੀ ਵਿਚਾਰ ਅਧੀਨ ਹੈ।
ਮੀਟਿੰਗ ਵਿੱਚ ਹਾਜ਼ਰ ਰੇਲਵੇ ਇੰਜਨੀਅਰਾਂ ਨੇ ਦੱਸਿਆ ਕਿ ਛੱਤ ਲਾਈਟ ਪੁਆਇੰਟਸ ਤੋਂ ਗੋਪਾਲ ਸਵੀਟਸ ਰੋਡ ਤੱਕ ਦੀ ਸੜ੍ਹਕ ਤੇ ਪੈਂਦੀ ਜੇਐਲਪੀਐਲ ਕਰਾਸਿੰਗ, ਜਿਸ ਵਿੱਚ ਪੀਕ ਸਮੇਂ ਦੌਰਾਨ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਹੈ, ਨੂੰ ਦੋਹਰੀ ਕੈਰੇਜ਼-ਵੇਅ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਮੁੱਢਲੀ ਸਾਂਝੀ ਫੇਰੀ ਤੋਂ ਬਾਅਦ ਰੇਲਵੇ ਅਥਾਰਟੀਆਂ ਨੂੰ ਪੇਸ਼ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਚੀਮਾ ਬੋਇਲਰ ਪੁਆਇੰਟ (ਕੁਆਰਕ ਸਿਟੀ), ਸੈਮੀ ਕੰਡਕਟਰ ਲਿਮਟਿਡ ਅਤੇ ਆਈ.ਆਈ.ਐਸ.ਈ.ਆਰ. ਰੋਡ ਵਿਖੇ ਸਲਿਪ ਰੋਡ ਮੁਹੱਈਆ ਕਰਵਾ ਕੇ ਟਰੈਫਿਕ ਨਿਯਮਾਂ ਸਬੰਧੀ ਵੀ ਵਿਸਤ੍ਰਿਤ ਚਰਚਾ ਕੀਤੀ ਗਈ। ਸੈਮੀਕੰਡਕਟਰ ਲਿਮਟਿਡ ਦੇ ਨੁਮਾਇੰਦੇ ਵੱਲੋਂ ਉਠਾਏ ਗਏ ਮੁੱਦੇ ਨੂੰ ਗਮਾਡਾ ਅਧਿਕਾਰੀਆਂ ਨੇ ਹੱਲ ਕੀਤਾ। ਪੀ.ਐਸ.ਆਈ.ਈ.ਸੀ. ਦੇ ਖੇਤਰਾਂ ਵਿਚ ਪੈਂਦੀਆਂ ਸੜਕਾਂ 'ਤੇ ਭੀੜ-ਭੜੱਕੇ ਦੇ ਮੁੱਦੇ 'ਤੇ ਪੀ.ਐਸ.ਆਈ.ਈ.ਸੀ. ਦੇ ਨੁਮਾਇੰਦੇ ਨੇ ਕਿਹਾ ਕਿ ਇਨ੍ਹਾਂ ਬਾਰੇ ਫੈਸਲਾ ਲੈਣ ਦਾ ਅਖਤਿਆਰ ਐਮ ਸੀ ਕੋਲ ਹੈ ਕਿਉਂਕਿ ਸੜਕਾਂ ਐਮ ਸੀ ਮੋਹਾਲੀ ਨੂੰ ਸੌਂਪ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਨਿਗਮ ਰਾਹੀਂ ਜਲਦੀ ਤੋਂ ਜਲਦੀ ਕੰਮ ਕਰਵਾਉਣ ਲਈ ਵਿਭਾਗ ਪਾਸੋਂ ਪੱਤਰ ਭਿਜਵਾਉਣ ਲਈ ਕਿਹਾ।
ਡੀਐਸਪੀ ਟਰੈਫਿਕਿੰਗ ਕਰਨੈਲ ਸਿੰਘ ਨੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਂਦਿਆਂ ਏਅਰਪੋਰਟ ਰੋਡ ’ਤੇ ਬਣ ਰਹੇ ਚੌਕਾਂ ਦੇ ਨੇੜੇ ਹਾਦਸਿਆਂ ਦੀ ਸੰਭਾਵਨਾ ਨੂੰ ਘੱਟ ਤੋਂ ਘੱਟ ਕਰਨ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।
ਸੀ.ਏ.ਗਮਾਡਾ ਨੇ ਟ੍ਰੈਫਿਕ ਪੁਲਿਸ ਨੂੰ ਕਿਹਾ ਕਿ ਸ਼ਹਿਰ ਦੇ ਹਸਪਤਾਲਾਂ ਦੇ ਬਾਹਰ ਵਾਹਨਾਂ ਦੀ ਹੋ ਰਹੀ ਅਣਅਧਿਕਾਰਤ ਪਾਰਕਿੰਗ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਤੋਂ ਪੈਦਾ ਹੋ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਗਮਾਡਾ ਦੇ ਅਸਟੇਟ ਦਫ਼ਤਰ ਨੇ ਡਰਾਇੰਗਾਂ ਵਿੱਚ ਪਾਰਕਿੰਗ ਲਈ ਨਿਰਧਾਰਤ ਥਾਂ ਦੀ ਵਰਤੋਂ ਨਾ ਕਰਨ ਲਈ ਹਸਪਤਾਲਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਹਨ।
ਇਸ ਮੌਕੇ ਏਡੀਸੀ (ਜੀ) ਵਿਰਾਜ ਐਸ ਤਿੜਕੇ, ਏਡੀਸੀ (ਯੂਡੀ) ਅਨਮੋਲ ਸਿੰਘ ਧਾਲੀਵਾਲ, ਐਸਡੀਐਮਜ਼ ਅਮਿਤ ਗੁਪਤਾ, ਦਮਨਦੀਪ ਕੌਰ ਅਤੇ ਗੁਰਮੰਦਰ ਸਿੰਘ ਵੀ ਹਾਜ਼ਰ ਸਨ।