ਚੁੰਨੀ ਕਲਾਂ ਦੇ ਵਾਰਡ ਨੰ: 2 ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਕਰਵਾਇਆ ਹੱਲ
February 26, 2025 03:17 PM

SehajTimes
ਫ਼ਤਹਿਗੜ੍ਹ ਸਾਹਿਬ : ਖੇੜਾ ਬਲਾਕ ਦੇ ਪਿੰਡਾਂ ਦੇ ਲੋਕਾਂ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕਰਵਾਇਆ ਜਾ ਰਿਹਾ ਹੈ ਅਤੇ ਚੁੰਨੀ ਕਲਾਂ ਦੇ ਵਾਰਡ ਨੰਬਰ 2 ਵਿੱਚ ਜੇ.ਸੀ.ਬੀ. ਰਾਹੀਂ ਗੰਦੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖੇੜਾ ਸ਼੍ਰੀ ਚੰਦ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅਕਸਰ ਲੋਕ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੂੜਾ ਕਰਕਟ ਭਰ ਕੇ ਨਾਲੀਆਂ ਵਿੱਚ ਸੁੱਟ ਦਿੰਦੇ ਹਨ ਜਿਸ ਕਾਰਨ ਪਾਣੀ ਸੜ੍ਹਕਾਂ ਤੇ ਖੜਾ ਹੋ ਜਾਂਦਾ ਹੈ।
ਬੀ.ਡੀ.ਪੀ.ਓ. ਚੰਦ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਜੰਗੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2 ਅਤੇ ਫਿਰਨੀ ਤੇ ਜੋ ਗੰਦਾ ਪਾਣੀ ਖੜ੍ਹਾ ਸੀ ਉਸ ਦੀ ਲੇਬਰ ਲਗਾ ਕੇ ਨਿਕਾਸੀ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਬਲਾਕ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਖੇੜਾ ਬਲਾਕ ਦੇ ਪਿੰਡਾਂ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਪਿੰਡਾਂ ਵਿੱਚ ਗੰਦਗੀ ਸੁੱਟਣ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਪਿੰਡਾਂ ਦੇ ਕੂੜਾ ਕਰਕਟ ਲਈ ਅਲਾਟ ਹੋਈ ਥਾਂ ਤੇ ਹੀ ਕੂੜਾ ਸੁੱਟਿਆ ਜਾਵੇ ਤਾਂ ਜੋ ਪਿੰਡਾਂ ਵਿੱਚ ਗੰਦਗੀ ਕਾਰਨ ਬਿਮਾਰੀਆਂ ਨਾ ਫੈਲ ਸਕਣ।
Have something to say? Post your comment