ਕਿਹਾ, ਕਣਕ ਵੰਡ ਦੌਰਾਨ ਡਿਪੂ ਹੋਲਡਰਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਪਟਿਆਲਾ : ਪਟਿਆਲਾ ਦੇ ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਰੂਪਪ੍ਰੀਤ ਕੌਰ ਨੇ ਡਿਪੂਆਂ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ, ਪ੍ਰਮੁੱਖ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਕਣਕ ਵੰਡ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਸੇ ਤਹਿਤ ਹੀ ਪਟਿਆਲਾ ਜ਼ਿਲ੍ਹੇ ਅੰਦਰ ਵੀ ਕਣਕ ਵੰਡ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਰੂਪਪ੍ਰੀਤ ਕੌਰ ਨੇ ਦੱਸਿਆ ਕਿ ਰਾਜ ਦੇ ਖੁਰਾਕ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਧਰਮਿੰਦਰ ਸਿੰਘ, ਡਿਪੂ ਹੋਲਡਰ ਗ੍ਰੀਨ ਪਾਰਕ ਕਲੋਨੀ ਅਤੇ ਸੁਦਰਸ਼ਨ ਕਿੰਗਰ, ਡਿਪੂ ਹੋਲਡਰ ਤ੍ਰਿਪੜੀ ਵਿਖੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਚੱਲ ਰਹੀ ਮਹੀਨਾ ਜਨਵਰੀ ਤੋਂ ਮਾਰਚ ਤੱਕ ਵੰਡੀ ਜਾ ਰਹੀ ਕਣਕ ਦਾ ਅਚਨਚੇਤ ਜਾਇਜ਼ਾ ਲਿਆ। ਇਸ ਦੌਰਾਨ ਉਥੇ ਮੌਜੂਦ ਖਪਤਕਾਰਾਂ ਨੂੰ ਉਨ੍ਹਾਂ ਦੀ ਪਾਤਰਤਾ ਸਬੰਧੀ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਬਤ ਜਾਣਕੇ ਇਨ੍ਹਾਂ ਦੇ ਹੱਲ ਲਈ ਤੁਰੰਤ ਨਿਰਦੇਸ਼ ਦਿੱਤੇ।
ਡੀ.ਐਫ.ਐਸ.ਸੀ. ਨੇ ਦੱਸਿਆ ਕਿ ਜਨਵਰੀ ਤੋਂ ਮਾਰਚ- 2025 ਤੱਕ ਦੀ ਕਣਕ ਦੀ ਵੰਡ ਦੌਰਾਨ ਪਹਿਲੀ ਵਾਰ ਸਮੂਹ ਜ਼ਿਲ੍ਹੇ ਵਿੱਚ 804 ਈ-ਪਾਜ਼ ਮਸ਼ੀਨਾਂ ਅਤੇ ਬਿਜਲਈ ਕੰਡੇ (ਇਲੈਕਟ੍ਰਿਕ ਭਾਰ ਤੋਲਕ ਮਸ਼ੀਨਾਂ) ਰਾਹੀਂ ਕਣਕ ਦੀ ਵੰਡ ਕੀਤੀ ਜਾ ਰਹੀ ਹੈ, ਤਾਂ ਜੋ ਖਪਤਕਾਰਾਂ ਨੂੰ ਉਨ੍ਹਾਂ ਦੀ ਪਾਤਰਤਾ ਅਨੁਸਾਰ ਸਹੀ ਮਿਕਦਾਰ ਅਤੇ ਗੁਣਵੱਤਾ ਵਾਲੀ ਕਣਕ ਪ੍ਰਾਪਤ ਹੋ ਸਕੇ। ਉਨ੍ਹਾਂ ਦੱਸਿਆ ਕਿ ਜਿੱਥੇ ਉਹ ਖ਼ੁਦ ਫੀਲਡ ਵਿੱਚ ਜਾ ਰਹੇ ਹਨ, ਉਥੇ ਹੀ ਉਨ੍ਹਾਂ ਵੱਲੋਂ ਆਪਣੇ ਖੇਤਰੀ ਅਮਲੇ ਨੂੰ ਵੀ ਫੀਲਡ ਵਿੱਚ ਕਣਕ ਦੀ ਵੰਡ ਦੌਰਾਨ ਚੈਕਿੰਗ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਕਣਕ ਵੰਡ ਦੌਰਾਨ ਡਿਪੂ ਹੋਲਡਰਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਉਣਤਾਈ ਨਾ ਕੀਤੀ ਜਾ ਸਕੇ।
ਰੂਪਪ੍ਰੀਤ ਕੌਰ ਨੇ ਹੋਰ ਦੱਸਿਆ ਕਿ ਫੀਲਡ ਵਿਜ਼ਿਟ ਦੌਰਾਨ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਡਿਪੂਆਂ ਉਪਰ ਨੋਟਿਸ ਬੋਰਡ ਅਤੇ ਸ਼ਿਕਾਇਤ ਬਕਸੇ ਲੱਗੇ ਹੋਣ ਸਮੇਤ ਚੇਅਰਮੈਨ, ਸਟੇਟ ਫੂਡ ਕਮਿਸ਼ਨ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਬਾਰੇ ਵੀ ਚੈਕਿੰਗ ਕੀਤੀ ਜਾ ਰਹੀ।