ਸੁਨਾਮ : "ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ", ਜੋ ਮਨੁੱਖ ਇਸ ਸੰਸਾਰ ਤੇ ਆਇਆ ਉਸਨੇ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਕੇ ਚਲੇ ਵੀ ਜਾਣਾ ਹੈ। ਇਸੇ ਰਾਹ ਤੇ ਚੱਲਦਿਆਂ ਖੇਤੀਬਾੜੀ ਵਿਕਾਸ ਬੈਂਕ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸੁਭਾਸ਼ ਚੰਦਰ ਕਾਂਸਲ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਅਕਾਲ ਚਲਾਣਾ ਕਰ ਗਏ ਹਨ। ਸੁਭਾਸ਼ ਚੰਦਰ ਕਾਂਸਲ ਨੇ ਜਿੱਥੇ ਨੌਕਰੀ ਦੌਰਾਨ ਆਪਣੇ ਪਰਿਵਾਰਿਕ ਫਰਜ਼ਾਂ ਨੂੰ ਬਾਖੂਬੀ ਨਿਭਾਇਆ ਉੱਥੇ ਕਰੀਬ ਸਾਢੇ ਚਾਰ ਦਹਾਕੇ ਤੱਕ ਸੁਨਾਮ ਦੇ ਇਤਿਹਾਸਕ ਮੰਦਿਰ ਸ੍ਰੀ ਬ੍ਰਹਮ ਸੀਰਾ ਦੀ ਸੇਵਾ ਨਿਰੰਤਰ ਜਾਰੀ ਰੱਖੀ। ਲੋਕਾਂ ਦੇ ਸਹਿਯੋਗ ਨਾਲ ਮੰਦਿਰ ਦੀ ਉਸਾਰੀ ਲਈ ਵਡਮੁੱਲਾ ਯੋਗਦਾਨ ਪਾਇਆ। ਜਨਤਾ ਦੇ ਇਲਾਜ ਲਈ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਮੰਦਿਰ ਕੰਪਲੈਕਸ ਵਿੱਚ ਖੁਲਵਾਈ ਜੋ ਲੰਮੇ ਸਮੇਂ ਤੱਕ ਨਿਰੰਤਰ ਜਾਰੀ ਰਹੀ। ਉਨ੍ਹਾਂ ਦੇ ਘਰ ਇੱਕ ਧੀ ਅਤੇ ਤਿੰਨ ਪੁੱਤਰਾਂ ਨੇ ਜਨਮ ਲਿਆ ਜਿਹੜੇ ਅਜੋਕੇ ਸਮੇਂ ਸਮਾਜ ਵਿੱਚ ਅਹਿਮ ਸਥਾਨ ਰੱਖਦੇ ਹਨ। ਸੁਭਾਸ਼ ਚੰਦਰ ਕਾਂਸਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਪਾਠ ਦਾ ਭੋਗ 28 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸ਼ਿਵ ਨਿਕੇਤਨ ਧਰਮਸ਼ਾਲਾ ਸੁਨਾਮ ਊਧਮ ਸਿੰਘ ਵਾਲਾ ਵਿਖੇ 1 ਤੋਂ 2 ਵਜੇ ਤੱਕ ਪਵੇਗਾ ਜਿੱਥੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਆਪਣੇ ਰੰਗਲੇ ਸੱਜਣ ਨੂੰ ਸ਼ਰਧਾਂਜਲੀ ਭੇਟ ਕਰਨਗੇ।