ਗਾਜ਼ੀਆਬਾਦ : ਕੋਰੋਨਾ ਵਾਇਰਸ ਤੋਂ ਠੀਕ ਹੋਏ ਲੋਕਾਂ ਵਿਚ ਬਲੈਕ ਫ਼ੰਗਸ ਪੈਰ ਪਸਾਰ ਰਿਹਾ ਹੈ। ਇਸੇ ਵਿਚਾਲੇ ਵਾਈਟ ਫ਼ੰਗਸ ਹੋਣ ਦਾ ਵੀ ਪਤਾ ਲੱਗਾ ਅਤੇ ਹੁਣ ਦੇਸ਼ ਵਿਚ ਯੈਲੋ ਫ਼ੰਗਸ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਕੇਸ ਯੂਪੀ ਦੇ ਗਾਜ਼ੀਆਬਾਦ ਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਇਹ ਯੈਲੋ ਫ਼ੰਗਲ, ਬਲੈਕ ਅਤੇ ਵਾਈਟ ਫ਼ੰਗਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਡਾਕਟਰ ਨੇ ਦਸਿਆ ਕਿ ਇਹ ਪਹਿਲੀ ਵਾਰ ਹੈ ਕਿ ਜਦ ਇਹ ਕਿਸੇ ਇਨਸਾਨ ਵਿਚ ਮਿਲਿਆ ਹੈ। ਮਰੀਜ਼ ਦੀ ਉਮਰ 45 ਸਾਲ ਹੈ। ਉਹ ਕੁਝ ਦਿਨ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਇਆ ਹੈ। ਮਰੀਜ਼ ਡਾਇਬਟਿਕ ਵੀ ਹੈ। ਇਹ ਮਰੀਜ਼ ਗਾਜ਼ੀਆਬਾਦ ਦੇ ਈਐਨਟੀ ਸਰਜਨ ਨੂੰ ਵਿਖਾਉਣ ਪਹੁੰਚਿਆ ਸੀ। ਡਾਕਟਰ ਨੇ ਜਾਂਚ ਦੌਰਾਨ ਵੇਖਿਆ ਕਿ ਉਸ ਨੂੰ ਯੈਲੋ ਫ਼ੰਗਸ ਹੈ। ਮਰੀਜ਼ ਅੰਦਰ ਸੁਸਤੀ, ਭੁੱਖ, ਘੱਟ ਵਜ਼ਨ, ਧੁੰਦਲਾ ਦਿਸਣ ਜਿਹੇ ਲੱਛਣ ਸਨ। ਡਾ. ਬੀਪੀ ਤਿਆਗੀ ਨੇ ਦਸਿਆ ਕਿ ਮਰੀਜ਼ ਦੇ ਸੀਟੀ ਸਕੈਨ ਤੋਂ ਪਤਾ ਨਹੀਂ ਲੱਗਾ। ਜਦ ਮਰੀਜ਼ ਦਾ ਨੇਜ਼ਲ ਐਂਡੋਸਕੋਪੀ ਕੀਤਾ ਗਿਆ ਤਦ ਪਤਾ ਲੱਗਾ ਕਿ ਉਸ ਨੂੰ ਬਲੈਕ, ਵਾਈਟ ਅਤੇ ਯੈਲੋ ਤਿੰਨੇ ਹੀ ਫ਼ੰਗਸ ਹਨ। ਡਾਕਟਰ ਨੇ ਦਸਿਆ ਕਿ ਜੇ ਘਰ ਅੰਦਰ ਜ਼ਿਆਦਾ ਗਰਮੀ ਹੈ ਤਾਂ ਮਰੀਜ਼ ਲਈ ਇਹ ਘਾਤਕ ਹੋ ਸਕਦਾ ਹੈ। ਜ਼ਿਆਦਾ ਨਮੀ ਬੈਕਟੀਰੀਆ ਅਤੇ ਫ਼ੰਗਸ ਬਣਾਉਂਦੀ ਹੈ। ਘਰ ਅਤੇ ਆਲੇ ਦੁਆਲੇ ਸਫ਼ਾਈ ਬਹੁਤ ਜ਼ਰੂਰੀ ਹੈ। ਬਾਸੀ ਖਾਣਾ ਨਾ ਖਾਓ।