ਸੁਨਾਮ : ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਹਾਕਿਆਂ ਤੋਂ ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦਾ ਮੁੱਦਾ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਇਜਲਾਸ ਵਿੱਚ ਗੂੰਜਿਆ। ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਨੇ ਮੁੱਦਾ ਵਿਧਾਨ ਸਭਾ ਵਿੱਚ ਉਠਾਉਂਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੇ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ ਸਰਕਾਰੀ ਕਾਲਜਾਂ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਰਗ ਦੀ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਇਹ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਗੌਰਤਲਬ ਹੈ ਕਿ ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਨੂੰ ਖਾਲੀ ਵਿਖਾਕੇ ਪੰਜਾਬ ਸਰਕਾਰ ਵੱਲੋਂ ਨਵੇਂ ਸਹਾਇਕ ਪ੍ਰੋਫੈਸਰਾਂ ਨੂੰ ਨਿਯੁਕਤੀ ਦਿੱਤੇ ਗਏ ਹਨ। ਜਦੋਂ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਾਲਾਂ ਤੋਂ ਬਹੁਤ ਘੱਟ ਮਿਹਨਤਾਨਾ ਲੈ ਕੇ ਇਹਨਾਂ ਕਾਲਜਾਂ ਨੂੰ ਸੰਭਾਲੀ ਬੈਠੇ ਹਨ। ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੇ ਆਗੂ ਡਾਕਟਰ ਰਵਿੰਦਰ ਮਾਨਸਾ,ਪ੍ਰੋ ਗੁਰਸੇਵਕ ਸਿੰਘ,ਪ੍ਰੋ ਪਰਮਜੀਤ ਸਿੰਘ, ਪ੍ਰੋ ਤਨਵੀਰ, ਪ੍ਰੋ ਗੁਰਜੀਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਪ੍ਰਧਾਨ ਕੁਲਦੀਪ ਸਿੰਘ ਬਾਹੀਆ, ਪ੍ਰੋ ਰਮਨਦੀਪ ਸਿੰਘ, ਪ੍ਰੋ ਚਮਕੌਰ ਸਿੰਘ, ਡਾਕਟਰ ਮੁਨੀਤਾ ਜੋਸ਼ੀ, ਡਾਕਟਰ ਪਰਮਿੰਦਰ ਕੌਰ ਧਾਲੀਵਾਲ, ਪ੍ਰੋ ਪ੍ਰਭਜੀਤ ਕੌਰ ਭਰੂਰ ਨੇ ਪ੍ਰਿੰਸੀਪਲ ਬੁੱਧ ਰਾਮ ਦਾ ਵਿਸ਼ੇਸ਼ ਤੋਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦਾ ਮੁੱਦਾ ਚੁੱਕਣ ਨਾਲ ਆਸ ਦੀ ਇੱਕ ਨਵੀਂ ਊਰਜਾ ਪੈਦਾ ਕੀਤੀ ਹੈ।