ਸੁਨਾਮ : ਮੰਡੀਕਰਨ ਨੀਤੀ ਨੂੰ ਰੱਦ ਕਰਵਾਉਣ ਸਮੇਤ ਹੋਰਨਾਂ ਕਿਸਾਨੀ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਮਾਰਚ ਨੂੰ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਪੱਕੇ ਮੋਰਚੇ ਤੋਂ ਬੌਖਲਾਹਟ ਵਿੱਚ ਆਈ ਪੁਲਿਸ ਨੇ ਅੱਧੀ ਰਾਤ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਲਈ ਸ਼ੁਰੂ ਕੀਤੀ ਕਵਾਇਦ ਦੇ ਬਾਵਜੂਦ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰ ਵੱਡੇ ਕਿਸਾਨ ਆਗੂ ਪੁਲਿਸ ਦੇ ਹੱਥ ਨਹੀਂ ਆਏ। ਕਿਸਾਨਾਂ ਨੂੰ ਪੁਲਿਸ ਦੀ ਅਜਿਹੀ ਕਾਰਵਾਈ ਦੀ ਭਿਣਕ ਪਹਿਲਾਂ ਹੀ ਪੈ ਗਈ ਸੀ। ਪੁਲਿਸ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਸਮੇਤ ਕਈ ਆਗੂਆਂ ਦੇ ਘਰਾਂ ’ਤੇ ਛਾਪੇ ਮਾਰੇ ਲੇਕਿਨ ਉਕਤ ਕਿਸਾਨ ਆਗੂਆਂ ਨੂੰ ਪੁਲਿਸ ਹਿਰਾਸਤ ਵਿੱਚ ਨਾ ਲੈ ਸਕੀ। ਕਿਸਾਨ ਆਗੂਆਂ ਸੁਖਪਾਲ ਸਿੰਘ ਮਾਣਕ ਅਤੇ ਗਗਨਦੀਪ ਸਿੰਘ ਚੱਠਾ ਨਨਹੇੜਾ ਨੇ ਦੱਸਿਆ ਕਿ ਪੁਲਿਸ ਨੇ ਇਲਾਕੇ ਵਿੱਚੋਂ ਅਜੈਬ ਸਿੰਘ ਜਖੇਪਲ, ਮਲਕੀਤ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਬਿਗੜਵਾਲ, ਸੁਖਦੇਵ ਸਿੰਘ ਛਾਹੜ, ਹਰਸੇਵਕ ਸਿੰਘ, ਸੁਰਿੰਦਰ ਸਿੰਘ, ਭਜਨ ਸਿੰਘ, ਜੁਝਾਰ ਸਿੰਘ, ਮੰਗਤ ਰਾਮ ਲੌਂਗੋਵਾਲ, ਲਛਮਣ ਸਿੰਘ ਅਲੀਸ਼ੇਰ, ਬੀਰਬਲ ਸਿੰਘ ਲਹਿਲ ਕਲਾਂ ਅਤੇ ਅਮਿੱਤ ਰਾਮਗੜ੍ਹ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਕਿਸਾਨਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਪੰਜ ਮਾਰਚ ਨੂੰ ਚੰਡੀਗੜ੍ਹ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਥੇਬੰਦੀ ਦੇ ਕਾਰਕੁੰਨ ਰਵਾਨਾ ਹੋਣਗੇ। ਪੱਕੇ ਮੋਰਚੇ ਲਈ ਟਰਾਲੀਆਂ ਤੇ ਰਾਸ਼ਨ ਤਿਆਰ ਕਰ ਲਿਆ ਗਿਆ ਹੈ।