ਕਿਹਾ, ਅਗਾਊਂ ਨਕਸ਼ਾ ਪਾਸ ਕਰਵਾਏ ਬਿਨਾਂ ਨਾ ਕੀਤੀ ਜਾਵੇ ਕੋਈ ਵੀ ਉਸਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਨਗਰ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਨੋਟਿਸ ਦੀ ਉਲੰਘਣਾ ਕਰਕੇ ਵੀ ਨਜਾਇਜ਼ ਉਸਾਰੀ ਜਾਰੀ ਰੱਖਣ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਉਸਾਰੀ ਅਧੀਨ ਇਮਾਰਤ ਨੂੰ ਸੀਲ ਕਰਵਾ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਲੋਹਗੜ੍ਹ ਰੋਡ ’ਤੇ ਨਜਾਇਜ਼ ਉਸਾਰੀ ਦੀ ਸ਼ਿਕਾਇਤ ਪ੍ਰਾਪਤ ਹੋਣ ਬਾਅਦ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਪਥਰੀਆ ਵੱਲੋਂ ਹਰਮੀਤ ਸ਼ਰਮਾ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 195, 195-ਏ ਦੀ ਉਲੰਘਣਾ ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਨੋਟਿਸ ਜਾਰੀ ਹੋਣ ਬਾਅਦ ਵੀ ਉਕਤ ਉਸਾਰੀ ਕਰਤਾ ਵੱਲੋਂ ਉਸਾਰੀ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਾ ਕਰਨ ਅਤੇ ਉਸਾਰੀ ਜਾਰੀ ਰੱਖਣ ਦੀ ਸ਼ਿਕਾਇਤ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਇਸ ’ਤੇ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਖਤ ਨੋਟਿਸ ਲੈਂਦੇ ਹੋਏ, ਉਸਾਰੀ ਅਧੀਨ ਇਮਾਰਤ ਨੂੰ ਤੁਰੰਤ ਸੀਲ ਕਰਨ ਦੇ ਦਿੱਤੇ ਹੁਕਮਾਂ ’ਤੇ ਅੱਜ ਸੀਲ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਜੇਕਰ ਸੀਲ ਕਰਨ ਦੀ ਕਾਰਵਾਈ ਦੇ ਬਾਵਜੂਦ ਵੀ ਉਸਾਰੀ ਜਾਰੀ ਰੱਖੀ ਗਈ ਤਾਂ ਫ਼ਿਰ ਸਬੰਧਤ ਉਸਾਰੀ ਕਰਤਾ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ’ਚ ਕਿਸੇ ਨੂੰ ਵੀ ਨਜਾਇਜ਼ ਉਸਾਰੀ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਅਗਾਊਂ ਇਮਾਰਤੀ ਨਕਸ਼ਾ ਪਾਸ ਕਰਵਾਏ ਜਾਣ ਬਾਅਦ ਹੀ ਉਸਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਉਸ ਦਾ ਸਮਰੱਥ ਅਥਾਰਟੀ ਤੋਂ ਉਸਾਰੀ ਸਬੰਧੀ ਨਕਸ਼ਾ ਲਾਜ਼ਮੀ ਪਾਸ ਕਰਵਾਉਣ। ਉਨ੍ਹਾਂ ੲਹਿ ਵੀ ਅਪੀਲ ਕੀਤੀ ਕਿ ਕੋਈ ਵੀ ਉਸਾਰੀ ਪਾਸ ਕੀਤੇ ਨਕਸ਼ੇ ਤੋਂ ਬਾਹਰ ਜਾ ਕੇ ਨਾ ਕੀਤੀ ਜਾਵੇ।