ਸੁਨਾਮ : ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਲੈਕੇ ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਨੇ ਸ਼ੁੱਕਰਵਾਰ ਨੂੰ ਐਸ ਡੀ ਐਮ ਸੁਨਾਮ ਦੇ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਸੂਬਾ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਇਸ ਮੌਕੇ ਪੈਨਸ਼ਨਰ ਆਗੂਆਂ ਜਗਦੇਵ ਸਿੰਘ ਬਾਹੀਆ, ਰਾਮ ਸਰੂਪ ਢੈਪਈ, ਸੁਰਿੰਦਰ ਸਿੰਘ ਅਤੇ ਜੀਤ ਸਿੰਘ ਬੰਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਸਰਕਾਰ ਬਣਨ ਉਪਰੰਤ ਸਾਰੀਆਂ ਮੰਗਾਂ ਤੇ ਮਸਲਿਆਂ ਨੂੰ ਮੁੱਢੋਂ ਵਿਸਾਰ ਦਿੱਤਾ। ਉਨ੍ਹਾਂ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਤਨਖਾਹ ਕਮਿਸ਼ਨ ਵੱਲੋਂ ਸੋਧੇ ਸਕੇਲਾਂ ਦੇ ਬਕਾਇਆਂ ਦੀ ਅਦਾਇਗੀ ਕਿਸ਼ਤਾਂ ਵਿੱਚ ਕਰਨ ਦਾ ਫ਼ੈਸਲਾ ਮੁਲਾਜ਼ਮ ਵਰਗ ਨੂੰ ਨਿਰਾਸ਼ ਕੀਤਾ ਹੈ। ਬਕਾਇਆਂ ਦੀ ਅਦਾਇਗੀ ਇੱਕ ਮੁਸ਼ਤ ਕੀਤੀ ਜਾਵੇ, ਮਹਿੰਗਾਈ ਭੱਤੇ ਦੀ ਅਦਾਇਗੀ ਕੇਂਦਰੀ ਪੈਟਰਨ ਤੇ ਕੀਤੀ ਜਾਵੇ, ਲੰਮੇ ਸਮੇਂ ਤੋਂ ਲਟਕ ਰਹੇ ਬਕਾਇਆਂ ਦੀ ਅਦਾਇਗੀ ਸਮੇਤ ਵਿਆਜ ਕੀਤੀ ਜਾਵੇ। ਬੁਲਾਰਿਆਂ ਨੇ ਮੁੱਖ ਮੰਤਰੀ ਨੂੰ ਲਾਰੇ ਬਾਜ਼ ਅਤੇ ਝੂਠਾ ਕਰਾਰ ਦਿਤਾ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਟਕੇ ਸਰਕਾਰ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਸਰਕਾਰ ਦੇ ਮੌਜੂਦਾ ਮੰਤਰੀ ਵਿਰੋਧੀ ਧਿਰ ਵਿੱਚ ਹੁੰਦਿਆਂ ਮੁਲਾਜ਼ਮਾਂ ਪੈਨਸ਼ਨਰਾਂ ਦੇ ਧਰਨਿਆਂ ਵਿੱਚ ਆਕੇ ਬੈਠਦੇ ਸਨ।ਸੱਤਾ ਤੇ ਕਾਬਜ਼ ਹੁੰਦਿਆਂ ਹੀ ਲੋਕਾਂ ਤੋਂ ਅੱਖਾਂ ਫੇਰ ਗਏ।ਜਿਸਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਵੇਗਾ। ਇਸ ਮੌਕੇ ਬਲਵਿੰਦਰ ਸਿੰਘ ਜਿਲੇਦਾਰ ਅਤੇ ਪਵਨ ਕੁਮਾਰ ਸ਼ਰਮਾ ਨੇ ਬਜ਼ਟ ਸੈਸ਼ਨ ਸਮੇਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।