ਸੁਨਾਮ ਵਿਖੇ ਸੈਮੀਨਾਰ ਵਿੱਚ ਹਾਜ਼ਰ ਸਟਾਫ਼ ਤੇ ਵਿਦਿਆਰਥੀ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਸੁਖਵਿੰਦਰ ਸਿੰਘ (ਡਾ.) ਦੀ ਰਹਿਨੁਮਾਈ ਹੇਠ ਰੈੱਡ ਰਿਬਨ ਕਲੱਬ ਅਤੇ ਐੱਨ. ਐੱਸ.ਐੱਸ ਵਿਭਾਗ ਵੱਲੋਂ ਸਾਈਬਰ ਕ੍ਰਾਈਮ ਅਤੇ ਟ੍ਰੈਫਿਕ ਨਿਯਮਾਂ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਪ ਕਪਤਾਨ ਪੁਲਿਸ ਗੁਰਪ੍ਰੀਤ ਸਿੰਘ ਤੂਰ ਨੇ ਸਾਈਬਰ ਠੱਗੀ ਤੋਂ ਬਚਾਅ ਲਈ ਸੁਚੇਤ ਰਹਿਣ ਲਈ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਠੱਗ ਪ੍ਰਵਿਰਤੀ ਵਾਲੇ ਲੋਕ ਮੋਬਾਈਲ ਫੋਨ ਜ਼ਰੀਏ ਭੋਲੇ ਲੋਕਾਂ ਨੂੰ ਲਾਲਚੀ ਸਕੀਮਾਂ ਬਾਰੇ ਬਰਗਲਾਕੇ ਬੈਂਕ ਖਾਤਿਆਂ ਦੀ ਮੰਗ ਕਰਦੇ ਹਨ ਅਜਿਹੇ ਵਰਤਾਰੇ ਰਾਂਹੀ ਉਹ ਵਿਅਕਤੀ ਦੇ ਖਾਤੇ ਵਿੱਚੋਂ ਪੈਸਾ ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰਕੇ ਲੱਖਾਂ ਰੁਪਏ ਹੜੱਪ ਕਰ ਲੈਂਦੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਟ੍ਰੈਫਿਕ ਨਿਯਮਾਂ ਬਾਰੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਗਗਨਦੀਪ ਸਿੰਘ, ਡਾ.ਮੁਨੀਤਾ ਜੋਸ਼ੀ, ਸਹਾਇਕ ਪ੍ਰੋਫੈਸਰ ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਕਾਲਾ ਸਿੰਘ, ਸਹਾਇਕ ਪ੍ਰੋਫੈਸਰ ਪ੍ਰਭਜੀਤ ਕੌਰ ਭਰੂਰ, ਡਾ.ਪਰਮਿੰਦਰ ਕੌਰ ਧਾਲੀਵਾਲ, ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।