ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਮੰਗੀ
ਸੁਨਾਮ ਵਿਖੇ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਕਰਦੇ ਕਿਸਾਨ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਸ਼ਹੀਦਾਂ ਵੱਲੋਂ ਸੰਜੋਏ ਸੁਪਨਿਆਂ ਤੋਂ ਮੁਨਕਰ ਹੋ ਰਹੀ ਹੈ ਜਦਕਿ ਵੋਟਾਂ ਬਟੋਰਨ ਲਈ ਸੂਬੇ ਦੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਰਾਜ ਪ੍ਰਬੰਧ ਦੇਣ ਦੀ ਗੱਲ ਆਖੀ ਸੀ। ਹੁਣ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਐਤਵਾਰ ਨੂੰ ਸੁਨਾਮ ਦੀ ਨਵੀਂ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਕਰਵਾਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਅਮਰੀਕ ਸਿੰਘ ਗੰਢੂਆਂ ਅਤੇ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਸੁਪਨੇ ਸੰਜੋਏ ਸਨ ਕਿ ਮੁਲਕ ਦਾ ਹਰ ਨਾਗਰਿਕ ਹੱਕਾਂ ਲਈ ਸੰਘਰਸ਼ ਕਰ ਸਕੇਗਾ ਲੇਕਿਨ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਹੁਣ ਹੱਕ ਮੰਗਦੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ। ਇਸਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਭੁਗਤਨਾ ਪਵੇਗਾ। ਉਨ੍ਹਾਂ ਆਖਿਆ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਅਣਗੌਲਿਆਂ ਕਰਨ ਵਾਲਿਆਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੇ ਮੋਰਚਿਆਂ ਤੇ ਜੋ ਤਸ਼ੱਦਦ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ ਸਾਇਦ ਇਹ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਕਿ ਮੀਟਿੰਗ ਤੋਂ ਬਾਹਰ ਆ ਰਹੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੋਵੇ ਇਸ ਲਈ ਅੱਜ ਦਾ ਇਕੱਠ ਸਰਕਾਰ ਦੇ ਇਸ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਜੋ ਕਿਸਾਨਾਂ ਦਾ ਸਮਾਨ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਹਨ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਲ ਸਿੰਘ ਢੀਂਡਸਾ, ਜਸਵੰਤ ਸਿੰਘ ਤੋਲਾਵਾਲ, ਜਗਤਾਰ ਸਿੰਘ ਲੱਡੀ, ਹਰਜੀਤ ਸਿੰਘ ਮਹਿਲਾਂ ਚੋਂਕ, ਕਰਨੈਲ ਸਿੰਘ ਗਨੋਟਾ, ਮਨਜੀਤ ਸਿੰਘ ਘਰਾਚੋਂ, ਰਿੰਕੂ ਮੂਣਕ, ਹਰਪਾਲ ਸਿੰਘ ਪੇਧਨੀ, ਸੁਖਪਾਲ ਸਿੰਘ ਮਾਣਕ, ਗਗਨਦੀਪ ਸਿੰਘ ਚੱਠਾ ਨਨਹੇੜਾ, ਸ਼ਹੀਦ ਰੰਧਾਵਾ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ, ਲੋਕ ਮੋਰਚਾ ਪੰਜਾਬ ਦੇ ਆਗੂ ਦਰਸ਼ਨ ਸਿੰਘ ਸੁਨਾਮ, ਜਸਵੀਰ ਕੌਰ ਉਗਰਾਹਾਂ, ਰਣਦੀਪ ਕੋਰ ਰਟੋਲਾਂ ਅਤੇ ਵੱਡੀ ਗਿਣਤੀ ਵਿੱਚ ਕਿਸਾਨ, ਨੋਜਵਾਨ ਅਤੇ ਬੀਬੀਆਂ ਹਾਜ਼ਰ ਸਨ।