ਬਰੇਲੀ : ਕੋਰੋਨਾ ਕਾਲ ਵਿਚ ਯੂਪੀ ਪੁਲਿਸ ਦਾ ਡਰਾਉਣਾ ਚਿਹਰਾ ਵੇਖਣ ਨੂੰ ਮਿਲਿਆ ਹੈ। ਤਿੰਨ ਜ਼ਿਲਿ੍ਹਆਂ ਵਿਚ ਪੁਲਿਸ ਨੇ ਬਰਬਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਪਹਿਲਾ ਮਾਮਲਾ ਬਰੇਲੀ ਦਾ ਹੈ ਜਿਥੇ ਥਾਣਾ ਬਾਰਾਦਰੀ ਦੇ ਜੋਗੀ ਨਵਾਦਾ ਵਿਚ ਮਾਸਕ ਨਾ ਪਾਉਣ ’ਤੇ ਨੌਜਵਾਨ ਦੇ ਹੱਥ ਅਤੇ ਪੈਰਾਂ ਵਿਚ ਕਿੱਲਾਂ ਠੋਕਣ ਦਾ ਦੋਸ਼ ਪੁਲਿਸ ’ਤੇ ਲੱਗਾ ਹੈ। ਉਧਰ, ਰਾਏਬਰੇਲੀ ਵਿਚ 5 ਨੌਜਵਾਨਾਂ ਨੂੰ ਰਾਤ ਭਰ ਚੌਕੀ ਵਿਚ ਕੁੱਟਣ ਅਤੇ ਮਊ ਵਿਚ ਨੌਜਵਾਨ ਨੂੰ ਕੁੱਟਦੇ ਹੋਏ ਥਾਣੇ ਲਿਜਾਣ ਦਾ ਦੋਸ਼ ਲੱਗਾ ਹੈ। ਬਰੇਲੀ ਦੇ ਰਣਜੀਤ ਦੇ ਹੱਥ ਅਤੇ ਪੈਰ ਵਿਚ ਕਿੱਲ ਠੁਕੀ ਹੋਈ ਮਿਲੀ। ਬੁਧਵਾਰ ਨੂੰ ਮਾਮਲਾ ਥਾਣੇ ਪੁੱਜਾ। ਮਾਪਿਆਂ ਦਾ ਕਹਿਣਾ ਹੈ ਕਿ ਉਹ ਰਾਤ ਸਮੇਂ ਕਰੀਬ 10 ਵਜੇ ਘਰ ਦੇ ਬਾਹਰ ਬੈਠਾ ਸੀ। ਪੁਲਿਸ ਗਸ਼ਤ ’ਤੇ ਆਈ ਅਤੇ ਰਣਜੀਤ ’ਤੇ ਭੜਕ ਪਈ। ਪੁਲਿਸ ਉਸ ਨੂੰ ਥਾਣੇ ਲੈ ਗਈ ਅਤੇ ਉਸ ਦੇ ਹੱਥ ਪੈਰ ਵਿਚ ਕਿੱਲਾਂ ਠੋਕ ਦਿਤੀਆਂ। ਰਣਜੀਤ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਰਣਜੀਤ ਦੀ ਮਾਂ ਸ਼ੀਲਾ ਦੇਵੀ ਨੇ ਥਾਣੇ ਵਿਚ ਸ਼ਿਕਾਇਤ ਦਿਤੀ ਹੈ। ਐਸਐਸਪੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨੇ ਪੁਲਿਸ ਨੇ ਬਦਤਮੀਜ਼ੀ ਕੀਤੀ। ਉਹ ਬਿਨਾਂ ਮਾਸਕ ਲਾਏ ਬਾਹਰ ਘੁੰਮ ਰਿਹਾ ਸੀ। ਪੁਲਿਸ ਨੇ ਕਿਹਾ ਕਿ ਉਸ ਨੇ ਖ਼ੁਦ ਹੀ ਕਿੱਲ ਠੋਕ ਲਈ। ਉਧਰ, ਮਊ ਵਿਚ ਨੌਜਵਾਨ ਘਰ ਦੇ ਬਾਹਰ ਖੜਾ ਸੀ ਤੇ ਪੁਲਿਸ ਉਸ ਨੂੰ ਫੜ ਕੇ ਥਾਣੇ ਲੈ ਗਈ। ਉਥੇ ਉਸ ਦੀ ਕੁੱਟਮਾਰ ਕੀਤੀ ਗਈ।